Skip to main content

ਸੰਵੇਦੀ (ਗਿਆਨ ਇੰਦਰੀਆਂ ਸਬੰਧੀ) ਤਬਦੀਲੀਆਂ

ਛਾਤੀ, ਦਿਲ ਅਤੇ ਸਟ੍ਰੋਕ ਸਬੰਧੀ ਕਈ ਸਮੱਸਿਆਵਾਂ ਦਾ ਅਸਰ ਤੁਹਾਡੀ ਨਜ਼ਰ, ਸੁਣਨ ਸਮਰੱਥਾ, ਸੁੰਘਣ ਅਤੇ ਸੁਆਦ ਦੇ ਅਹਿਸਾਸ, ਜਾਂ ਤੁਹਾਡੇ ਸੰਵੇਦਨਾਵਾਂ ਮਹਿਸੂਸ ਕਰਨ ਦੇ ਤਰੀਕੇ ‘ਤੇ ਪੈ ਸਕਦਾ ਹੈ। ਇਸ ਤਰ੍ਹਾਂ ਦੀ ਤਬਦੀਲੀ ਨਾਲ ਦਰਦ ਵੀ ਹੋ ਸਕਦਾ ਹੈ।

ਸਟ੍ਰੋਕ ਕਿਸੇ ਵੀ ਜਾਂ ਸਾਰੀਆਂ ਇੰਦਰੀਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਤੁਸੀਂ ਜੋ ਕੁਝ ਦੇਖਦੇ, ਸੁਣਦੇ, ਛੂੰਹਦੇ, ਚਖਦੇ ਅਤੇ ਸੁੰਘਦੇ ਹੋ, ਦਿਮਾਗ ਉਸ ਨੂੰ ਪ੍ਰਕਿਰਿਆ ਵਿੱਚ ਲਿਆਉਂਦਾ ਹੈ – ਜੇ ਦਿਮਾਗ ਦੇ ਉਹ ਹਿੱਸੇ ਜੋ ਇਹਨਾਂ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਪ੍ਰਕਿਰਿਆਵਾਂ ਨੂੰ ਸੰਭਾਲਦੇ ਹਨ, ਤੁਹਾਡੇ ਸਟ੍ਰੋਕ ਦੁਆਰਾ ਨੁਕਸਾਨੇ ਜਾਂਦੇ ਹਨ, ਤਾਂ ਇਸ ਦਾ ਅਸਰ ਤੁਹਾਡੀਆਂ ਇੰਦਰੀਆਂ ‘ਤੇ ਪੈ ਸਕਦਾ ਹੈ। ਸਟ੍ਰੋਕ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੂੰ ਨਜ਼ਰ ਸਬੰਧੀ ਗੜਬੜੀਆਂ ਦਾ ਅਨੁਭਵ ਹੁੰਦਾ ਹੈ, ਅਤੇ ਹੋ ਸਕਦਾ ਹੈ ਕਿ ਤੁਸੀਂ ਇੱਕ ਕੰਨ ਵਿੱਚ ਥੋੜ੍ਹੀ ਜਾਂ ਸਾਰੀ ਸੁਣਨ ਸ਼ਕਤੀ ਗੁਆ ਬੈਠੋ।

ਛਾਤੀ ਅਤੇ ਦਿਲ ਦੀਆਂ ਸਥਿਤੀਆਂ ਤੁਹਾਡੀਆਂ ਇੰਦਰੀਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ, ਖਾਸ ਤੌਰ ‘ਤੇ ਤੁਹਾਡੀ ਨਜ਼ਰ ਨੂੰ, ਜੋ ਅਕਸਰ ਉਦੋਂ ਧੁੰਦਲੀ ਹੋ ਜਾਂਦੀ ਹੈ ਜਾਂ ਇਸ ਦਾ ਫ਼ੋਕਸ ਖਤਮ ਹੋ ਜਾਂਦਾ ਹੈ, ਜਦੋਂ ਤੁਹਾਨੂੰ ਦਿਲ ਦੀਆਂ ਸਮੱਸਿਆਵਾਂ ਹੋ ਰਹੀਆਂ ਹੁੰਦੀਆਂ ਹਨ ਜਾਂ ਜਦੋਂ ਤੁਸੀਂ ਸਾਹ-ਸਾਹ ਹੋਏ ਹੁੰਦੇ ਹੋ। ਹੋ ਸਕਦਾ ਹੈ ਕਿ ਤੁਹਾਡੇ ਸਾਹ ਨੂੰ ਪ੍ਰਭਾਵਤ ਕਰਨ ਵਾਲੀਆਂ ਕੁਝ ਸਥਿਤੀਆਂ ਤੁਹਾਡੇ ਸੁੰਘਣ ਅਤੇ/ਜਾਂ ਸੁਆਦ ਦੀ ਸਮਰੱਥਾ ਨੂੰ ਵੀ ਪ੍ਰਭਾਵਤ ਕਰਦੀਆਂ ਹੋਣ।

ਲੰਬਾ ਕੋਵਿਡ ਅਕਸਰ ਤੁਹਾਡੇ ਸੁੰਘਣ ਅਤੇ/ਜਾਂ ਸੁਆਦ ਲੈਣ ਦੀ ਸਮਰੱਥਾ ਦੇ ਨੁਕਸਾਨ ਨਾਲ ਜੁੜਿਆ ਹੁੰਦਾ ਹੈ। ਸੰਤੁਲਨ ਅਤੇ ਸਾਹ ਲੈਣ ‘ਤੇ ਪ੍ਰਭਾਵ, ਅਤੇ ਇਸ ਦੇ ਨਾਲ ਹੀ ਥਕਾਵਟ, ਤੁਹਾਡੀ ਨਜ਼ਰ ਨੂੰ ਵੀ ਪ੍ਰਭਾਵਤ ਕਰ ਸਕਦੇ ਹਨ ਅਤੇ ਸਪਸ਼ਟ ਦੇਖਣ ਨੂੰ ਹੋਰ ਔਖਾ ਬਣਾ ਸਕਦੇ ਹਨ।

ਨਜ਼ਰ

ਤੁਹਾਡੀ ਨਜ਼ਰ ਵਿੱਚ ਗੜਬੜੀਆਂ ਬਹੁਤ ਸਾਰੀਆਂ ਸਥਿਤੀਆਂ, ਗੰਭੀਰ ਅਤੇ ਮਾਮੂਲੀ ਦੋਵਾਂ, ਦਾ ਇੱਕ ਆਮ ਮਾੜਾ ਪ੍ਰਭਾਵ ਹੁੰਦੀਆਂ ਹਨ। ਸਾਹ ਚੜ੍ਹਨਾ ਜਾਂ ਘੱਟ ਬਲੱਡ ਪ੍ਰੈਸ਼ਰ, ਦਿਲ ਦੀਆਂ ਸਮੱਸਿਆਵਾਂ, ਸਟ੍ਰੋਕ ਜਾਂ ਸੱਟ ਲੱਗਣ ਕਾਰਨ ਤੁਹਾਡੀ ਨਜ਼ਰ ਵਿੱਚ ਤਬਦੀਲੀਆਂ ਆ ਸਕਦੀਆਂ ਹਨ। ਉਮਰ ਦੇ ਨਾਲ ਅਤੇ ਆਮ ਸਿਹਤ ਦੇ ਨਾਲ ਵੀ ਨਜ਼ਰ ਵਿੱਚ ਤਬਦੀਲੀਆਂ ਆਉਂਦੀਆਂ ਹਨ।

ਲੋਕ ਨਜ਼ਰ ਵਿੱਚ ਜਿਹੜੀਆਂ ਆਮ ਤਬਦੀਲੀਆਂ ਅਨੁਭਵ ਕਰਦੇ ਹਨ, ਉਹਨਾਂ ਵਿੱਚ ਸ਼ਾਮਲ ਹਨ:

  • ਧੁੰਦਲਾ ਦਿਖਾਈ ਦੇਣਾ ਜਾਂ ਫ਼ੋਕਸ ਨਾ ਕਰ ਸਕਣਾ, ਖਾਸ ਕਰਕੇ ਚਮਕਦਾਰ ਰੌਸ਼ਨੀ ਵਿੱਚ ਜਾਂ ਫ਼ੋਕਸ ਬਦਲਣ ਵੇਲੇ।
  • “ਫਲੋਟਰਜ਼ (ਤੈਰਦੇ ਪਰਛਾਵੇਂ)” – ਛੋਟੇ, ਟੇਢੇ-ਮੇਢੇ ਪਰਛਾਵੇਂ ਜੋ ਤੁਹਾਡੀਆਂ ਅੱਖਾਂ ਅੱਗੇ ਤੈਰਦੇ ਜਾਂ ਲਟਕਦੇ ਰਹਿੰਦੇ ਹਨ। ਇਹਨਾਂ ਦਾ ਥੋੜ੍ਹੀ ਗਿਣਤੀ ਵਿੱਚ ਹੋਣਾ ਆਮ ਗੱਲ ਹੈ, ਪਰ ਜੇ ਉਹਨਾਂ ਨਾਲ ਅਕਸਰ ਤੁਹਾਡਾ ਧਿਆਨ ਭਟਕਦਾ ਹੈ ਜਾਂ ਜੇ ਉਹ ਤੁਹਾਡੇ ਦੁਆਰਾ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਰੁਕਾਵਟ ਪਾਉਂਦੇ ਹਨ, ਤਾਂ ਹੋ ਸਕਦਾ ਹੈ ਕਿ ਇਹ ਨੁਕਸਾਨ ਦਾ ਕੋਈ ਸੰਕੇਤ ਹੋਵੇ।
  • ਰੌਸ਼ਨੀ ਦੇ ਪੱਧਰਾਂ ਵਿੱਚ ਤਬਦੀਲੀਆਂ ਅਨੁਸਾਰ ਢਾਲਣ ਵਿੱਚ ਮੁਸ਼ਕਲ।
  • ਦੂਹਰੀ ਨਜ਼ਰ (ਦੋ-ਦੋ ਚੀਜ਼ਾਂ ਦਿਖਾਈ ਦੇਣੀਆਂ)।
  • ਅੱਖਾਂ ਦੀਆਂ ਬੇਕਾਬੂ ਹਰਕਤਾਂ।
  • ਖੁਸ਼ਕ ਅੱਖਾਂ।

ਸਟ੍ਰੋਕ ਤੋਂ ਬਾਅਦ, ਅੰਸ਼ਕ ਜਾਂ ਪੂਰਾ ਅੰਨ੍ਹਾਪਣ ਇੱਕ ਸੰਭਾਵੀ ਮਾੜਾ ਪ੍ਰਭਾਵ ਹੁੰਦਾ ਹੈ। ਕਿਉਂਕਿ ਇਹ ਅੰਨ੍ਹਾਪਨ ਆਮ ਤੌਰ ‘ਤੇ ਨਸਾਂ ਵਿੱਚ ਸਮੱਸਿਆਵਾਂ ਕਰਕੇ ਹੁੰਦਾ ਹੈ, ਨਾ ਕਿ ਅੱਖ ਦੀਆਂ, ਇਸ ਕਰਕੇ ਐਨਕਾਂ ਨਾਲ ਸ਼ਾਇਦ ਮਦਦ ਨਾ ਮਿਲੇ – ਦੂਜੇ ਪਾਸੇ, ਇਸ ਤਰ੍ਹਾਂ ਦੇ ਅੰਨ੍ਹੇਪਣ ਵਾਲੇ ਲੋਕ ਕਈ ਵਾਰ ਇਸ ਤੋਂ ਪੂਰੀ ਤਰ੍ਹਾਂ ਰਿਕਵਰ ਵੀ ਹੋ ਸਕਦੇ ਹਨ।

ਸੁਣਨ ਸ਼ਕਤੀ

ਸਟ੍ਰੋਕ, ਜਾਂ ਕੰਨਾਂ ਵਿੱਚ ਰੁਕਾਵਟਾਂ ਜਾਂ ਸੋਜਸ਼ ਕਰਕੇ ਸ਼ਾਇਦ ਸੁਣਨ ਸ਼ਕਤੀ ਪ੍ਰਭਾਵਤ ਹੋ ਸਕਦੀ ਹੈ। ਇਸ ਦਾ ਅਸਰ ਤੁਹਾਡੇ ਸੰਤੁਲਨ ‘ਤੇ ਵੀ ਪ੍ਰਭਾਵਤ ਕਰ ਸਕਦਾ ਹੈ।

ਸੁਣਨ ਸਬੰਧੀ ਆਮ ਸਮੱਸਿਆਵਾਂ ਵਿੱਚ ਇਹ ਸ਼ਾਮਲ ਹਨ:

  • ਇੱਕ ਜਾਂ ਦੋਵਾਂ ਪਾਸਿਆਂ ਤੋਂ ਸੁਣਨ ਸ਼ਕਤੀ ਖਤਮ ਹੋ ਜਾਣਾ
  • ਟਿਨੀਟਸ – ਲਗਾਤਾਰ ਸ਼ੋਰ ਜੋ ਕਿਤੋਂ ਵੀ ਨਹੀਂ ਆਉਂਦਾ ਹੈ। ਇਹ ਹਰ ਸਮੇਂ ਮੌਜੂਦ ਹੋ ਸਕਦਾ ਹੈ, ਜਾਂ ਫਿਰ ਇਹ ਆ-ਜਾ ਸਕਦਾ ਹੈ।
  • ਇੱਕ ਖਾਸ ਉਚਾਈ ਦੇ ਸ਼ੋਰ ਨੂੰ ਸੁਣਨ ਵਿੱਚ ਅਸਮਰੱਥਾ। ਜਿਉਂ-ਜਿਉਂ ਸਾਡੀ ਉਮਰ ਵਧਦੀ ਹੈ, ਅਸੀਂ ਜਿਸ ਸੀਮਾ ਦੇ ਸ਼ੋਰ ਜਾਂ ਅਵਾਜ਼ਾਂ ਨੂੰ ਸੁਣ ਸਕਦੇ ਹਾਂ ਉਸ ਦਾ ਸੁੰਗੜਨਾ ਆਮ ਗੱਲ ਹੁੰਦੀ ਹੈ – ਬਹੁਤੀਆਂ ਉੱਚੀਆਂ ਜਾਂ ਬਹੁਤੀਆਂ ਨੀਵੀਆਂ ਅਵਾਜ਼ਾਂ ਸੁਣਨਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ – ਪਰ ਕੁਝ ਸਮੱਸਿਆਵਾਂ ਕਰਕੇ ਇਹ ਕਿਤੇ ਵਧੇਰੇ ਤੇਜ਼ੀ ਨਾਲ ਵਾਪਰ ਸਕਦੀਆਂ ਹਨ।
  • ਦੱਬੀਆਂ ਜਾਂ ਅਸਪਸ਼ਟ ਅਵਾਜ਼ਾਂ ਸੁਣਾਈ ਦੇਣਾ

ਜੇ ਤੁਹਾਨੂੰ ਸੁਣਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਤੁਹਾਨੂੰ ਆਪਣੇ ਸਿਹਤ ਪੇਸ਼ੇਵਰ ਨਾਲ ਗੱਲ ਕਰਨੀ ਚਾਹੀਦੀ ਹੈ, ਅਤੇ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਆਡੀਓਲੌਜਿਸਟ (ਸੁਣਨ ਦੇ ਮਾਹਰ) ਕੋਲ ਰੈਫ਼ਰ ਕੀਤਾ ਜਾਵੇ ਜੋ ਤੁਹਾਡੀ ਸੁਣਨ ਸ਼ਕਤੀ ਦੀ ਮੁਫ਼ਤ ਜਾਂਚ ਕਰ ਸਕੇਗਾ।

ਸੁਣਨ ਸ਼ਕਤੀ ਦੇ ਨੁਕਸਾਨ ਵਿੱਚ ਮਦਦ ਲਈ ਸਹਾਇਕ ਸਾਧਨ ਉਪਲਬਧ ਹੁੰਦੇ ਹਨ, ਜਿਹਨਾਂ ਵਿੱਚ ਕੰਨ ਦੇ ਅੰਦਰ ਪਾਉਣ ਵਾਲੇ ਸਾਧਨ ਅਤੇ ਬੰਦ-ਕੈਪਸ਼ਨ ਵਾਲੇ ਪ੍ਰੋਗਰਾਮ ਸ਼ਾਮਲ ਹੁੰਦੇ ਹਨ। ਬੁੱਲ੍ਹਾਂ ਦੀ ਹਿੱਲਜੁਲ ਅਤੇ ਚਿਹਰੇ ਦੇ ਹਾਵ-ਭਾਵਾਂ ਨੂੰ ਸਮਝਣ ਲਈ, ਲੋਕਾਂ ਨੂੰ ਗੱਲ ਕਰਦਿਆਂ ਦੇਖਣ ਨਾਲ ਵੀ ਸ਼ਾਇਦ ਮਦਦ ਮਿਲ ਸਕਦੀ ਹੈ, ਜਿਸ ਨਾਲ ਤੁਹਾਨੂੰ ਅਸਪਸ਼ਟ ਅਵਾਜ਼ਾਂ ਦਾ ਮਤਲਬ ਸਮਝਣ ਵਿੱਚ ਮਦਦ ਮਿਲ ਸਕਦੀ ਹੈ।

ਸੁੰਘਣ ਅਤੇ ਸੁਆਦ ਦੀ ਸ਼ਕਤੀ

ਸੁੰਘਣਾ ਅਤੇ ਸੁਆਦ ਇੱਕ ਦੂਜੇ ਨਾਲ ਨੇੜਿਓਂ ਜੁੜੇ ਹੋਏ ਹਨ, ਇਸ ਲਈ ਜੇ ਇਹਨਾਂ ਵਿੱਚ ਕੋਈ ਇੱਕ ਪ੍ਰਭਾਵਤ ਹੁੰਦਾ ਹੈ ਤਾਂ ਦੋਵਾਂ ਦਾ ਪ੍ਰਭਾਵਤ ਹੋਣਾ ਬੜੀ ਆਮ ਜਿਹੀ ਗੱਲ ਹੈ। ਸੁੰਘਣ ਸ਼ਕਤੀ, ਸੁਆਦ ਸ਼ਕਤੀ, ਜਾਂ ਦੋਵਾਂ ਦੇ ਖਤਮ ਹੋਣ ਨੂੰ ਐਨੋਜ਼ਮੀਆ (an-OZ-me-ah) ਕਿਹਾ ਜਾਂਦਾ ਹੈ। ਅੰਸ਼ਕ ਜਾਂ ਸੰਪੂਰਨ ਐਨੋਜ਼ਮੀਆ ਕਈ ਸਮੱਸਿਆਵਾਂ ਦਾ ਇੱਕ ਆਮ ਮਾੜਾ ਪ੍ਰਭਾਵ ਹੁੰਦਾ ਹੈ। ਹੋ ਸਕਦਾ ਹੈ ਕਿ ਇਹ ਅਸਥਾਈ ਹੋਵੇ ਅਤੇ ਸਮੇਂ ਦੇ ਨਾਲ ਵਾਪਸ ਆ ਜਾਵੇ; ਦੂਜੇ ਪਾਸੇ, ਇਹ ਸਥਾਈ ਵੀ ਹੋ ਸਕਦਾ ਹੈ।

ਕਿਉਂਕਿ ਸੁੰਘਣ ਸ਼ਕਤੀ ਅਤੇ ਸੁਆਦ ਦੋਵੇਂ ਹੀ ਕੁਝ ਖਾਸ ਰਸਾਇਣਾਂ ਦਾ ਪਤਾ ਲੱਗਣ ‘ਤੇ ਅਧਾਰਤ ਹੁੰਦੇ ਹਨ, ਇਸ ਲਈ ਐਨੋਜ਼ਮੀਆ ਵਾਲੇ ਲੋਕਾਂ ਲਈ ਆਪਣੀ ਸੁੰਘਣ ਜਾਂ ਸੁਆਦ ਸ਼ਕਤੀ ਦਾ ਕੁਝ ਅਹਿਸਾਸ ਗੁਆ ਬੈਠਣਾ ਆਮ ਗੱਲ ਹੈ। ਉਦਾਹਰਣ ਲਈ, ਤੁਹਾਨੂੰ ਸ਼ਾਇਦ ਮਿੱਠੀਆਂ ਚੀਜ਼ਾਂ ਦਾ ਸੁਆਦ ਲੈਣ ਲਈ ਜੱਦੋਜਹਿਦ ਕਰਨੀ ਪਵੇ, ਪਰ ਨਮਕੀਨ ਚੀਜ਼ਾਂ ਦਾ ਸੁਆਦ ਲੈ ਸਕਦੇ ਹੋਵੋ।

ਐਨੋਜ਼ਮੀਆ ਅਕਸਰ ਤੁਹਾਡੇ ਨੱਕ ਅਤੇ ਗਲੇ ਵਿੱਚ ਜਮਾਅ ਕਰਕੇ ਹੋ ਸਕਦਾ ਹੈ – ਇਹ ਇੱਕ ਮੁੱਖ ਕਾਰਨ ਹੈ ਜਿਸ ਕਰਕੇ ਸਾਹ ਲੈਣ ਵਿੱਚ ਸਮੱਸਿਆਵਾਂ ਵਾਲੇ ਲੋਕਾਂ ਨੂੰ ਐਨੋਜ਼ਮੀਆ ਦਾ ਅਨੁਭਵ ਕਰਨ ਦੀ ਸੰਭਾਵਨਾ ਔਸਤ ਨਾਲੋਂ ਵੱਧ ਹੁੰਦੀ ਹੈ। ਜੇ ਅਜਿਹਾ ਹੈ, ਤਾਂ ਡੀਕੰਜੈਸਟੈਂਟ ਦਵਾਈਆਂ ਜਾਂ ਛਾਤੀ ਸਾਫ਼ ਕਰਨ ਵਾਲੀਆਂ ਕਸਰਤਾਂ ਨਾਲ ਸ਼ਾਇਦ ਤੁਹਾਡੀ ਸੁੰਘਣ ਅਤੇ ਸੁਆਦ ਸ਼ਕਤੀ ਨੂੰ ਬਹਾਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਕੁਝ ਮਾਮਲਿਆਂ ਵਿੱਚ ਤੁਸੀਂ ਸੈਂਟ (ਖੁਸ਼ਬੂ ਦੀ) ਟ੍ਰੇਨਿੰਗ ਦੀ ਵਰਤੋਂ ਕਰਕੇ ਵੀ ਐਨੋਜ਼ਮੀਆ ਦਾ ਇਲਾਜ ਕਰ ਸਕਦੇ ਹੋ, ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਨੇਮ ਨਾਲ ਇੱਕੋ ਚੀਜ਼ ਨੂੰ ਸੁੰਘਣ ਦੀ ਆਦਤ ਪਾਉਂਦੀ ਹੈ ਤਾਂ ਜੋ ਤੁਹਾਡੇ ਦਿਮਾਗ ਨੂੰ ਇਹ ਯਾਦ ਦਿਵਾਇਆ ਜਾ ਸਕੇ ਕਿ ਇਸ ਨੂੰ ਪ੍ਰਕਿਰਿਆ ਵਿੱਚ ਕਿਵੇਂ ਪਾਉਣਾ ਹੈ।

ਸਟ੍ਰੋਕ ਤੋਂ ਬਾਅਦ, ਕੁਝ ਲੋਕ ਇਹ ਵੀ ਰਿਪੋਰਟ ਕਰਦੇ ਹਨ ਕਿ, ਹਾਲਾਂਕਿ ਉਹ ਅਜੇ ਵੀ ਚੀਜ਼ਾਂ ਨੂੰ ਸੁੰਘ ਸਕਦੇ ਹਨ ਅਤੇ ਸੁਆਦ ਲੈ ਸਕਦੇ ਹਨ, ਪਰ ਉਹਨਾਂ ਦਾ ਅਨੁਭਵ ਬਦਲ ਗਿਆ ਹੈ। ਉਦਾਹਰਣ ਲਈ, ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਤੁਹਾਨੂੰ ਹੁਣ ਉਹ ਚੀਜ਼ ਪਸੰਦ ਨਹੀਂ ਰਹੀ ਜੋ ਤੁਹਾਡੀ ਮਨਪਸੰਦ ਖੁਸ਼ਬੂ ਹੋਇਆ ਕਰਦੀ ਸੀ, ਜਾਂ ਉਹ ਚੀਜ਼ ਜਿਸਦਾ ਸਵਾਦ ਪਹਿਲਾਂ ਭਿਆਨਕ ਹੁੰਦਾ ਸੀ, ਹੁਣ ਤੁਹਾਨੂੰ ਚੰਗਾ ਲੱਗਦਾ ਹੈ। ਕੁਝ ਲੋਕਾਂ ਨੂੰ ਇਸਦੀ ਆਦਤ ਪਾਉਣ ਵਿੱਚ ਸਮਾਂ ਲੱਗ ਸਕਦਾ ਹੈ। ਕਿਉਂਕਿ ਇਹ ਵੱਖ-ਵੱਖ ਲੋਕਾਂ ਲਈ ਬਹੁਤ ਹੀ ਵੱਖਰਾ ਹੁੰਦਾ ਹੈ, ਇਸ ਕਰਕੇ ਤੁਹਾਨੂੰ ਇਹ ਪਤਾ ਲਗਾਉਣ ਲਈ ਕੁਝ ਸਮੇਂ ਤਕ ਪ੍ਰਯੋਗ ਕਰਨੇ ਪੈ ਸਕਦੇ ਹਨ ਕਿ ਤੁਹਾਡੇ ਸਵਾਦ ਕਿਵੇਂ ਬਦਲ ਗਏ ਹਨ।

ਇਹ ਵੀ ਸੰਭਵ ਹੈ ਕਿ ਤੁਹਾਨੂੰ, ਖਾਸ ਤੌਰ ‘ਤੇ ਸਟ੍ਰੋਕ ਤੋਂ ਬਾਅਦ, ਹਾਈਪਰੋਜ਼ਮੀਆ ਨਾਮ ਦੀ ਸਥਿਤੀ ਹੋ ਜਾਵੇ, ਜਿੱਥੇ ਤੁਹਾਡੀ ਸੁੰਘਣ ਸ਼ਕਤੀ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀ ਹੈ।

ਸਟ੍ਰੋਕ ਕਾਰਨ ਫੈਂਟੋਜ਼ਮੀਆ (fan-toz-me-ah) ਵੀ ਹੋ ਸਕਦਾ ਹੈ, ਜਿਸ ਵਿੱਚ ਤੁਹਾਨੂੰ ਅਜਿਹੀਆਂ ਚੀਜ਼ਾਂ ਦੀ ਸੁਗੰਧ ਆਉਂਦੀ ਹੈ ਜੋ ਉੱਥੇ ਨਹੀਂ ਹੁੰਦੀਆਂ ਹਨ। ਸਟ੍ਰੋਕ ਪੀੜਤ ਬਹੁਤ ਸਾਰੇ ਲੋਕ ਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਗੰਧ ਧੂੰਏਂ ਜਾਂ ਸੜ ਰਹੇ ਟੋਸਟ ਵਾਂਗ ਆਉਂਦੀ ਹੈ, ਜਦਕਿ ਹੋਰਨਾਂ ਲਈ ਇਹ ਕਿਸੇ ਧਾਤੂ ਵਰਗਾ, ਤਾਂਬੇ ਵਰਗੇ ਸੁਆਦ ਦਾ ਅਨੁਭਵ ਹੋ ਸਕਦਾ ਹੈ। ਆਮ ਧਾਰਣਾ ਦੇ ਉਲਟ, ਇਹ ਸਿਰਫ਼ ਉਦੋਂ ਹੀ ਨਹੀਂ ਹੁੰਦਾ ਜਦੋਂ ਸਟ੍ਰੋਕ ਅਸਲ ਵਿੱਚ ਹੋ ਰਿਹਾ ਹੁੰਦਾ ਹੈ – ਹੋ ਸਕਦਾ ਹੈ ਕਿ ਕੁਝਾਂ ਲੋਕ ਨੂੰ ਆਪਣੀ ਰਿਕਵਰੀ ਦੇ ਦੌਰਾਨ ਇਹਨਾਂ “ਖਿਆਲੀ ਕਲਪਨਾਵਾਂ” ਨੂੰ ਸੁਗੰਘ ਜਾਂ ਇਹਨਾਂ ਦਾ ਸੁਆਦ ਆਉਂਦਾ ਰਹੇ।

ਛੋਹ

ਸਟ੍ਰੋਕ ਅਤੇ ਲੰਬਾ ਕੋਵਿਡ ਦੋਵੇਂ ਹੀ ਨਰਵਸ ਸਿਸਟਮ ਨੂੰ ਪ੍ਰਭਾਵਤ ਕਰਦੇ ਹਨ, ਜਿਸਦਾ ਮਤਲਬ ਹੈ ਕਿ ਉਹਨਾਂ ਦਾ ਇਸ ਚੀਜ਼ ‘ਤੇ ਮਹੱਤਵਪੂਰਣ ਅਸਰ ਪੈ ਸਕਦਾ ਹੈ ਕਿ ਤੁਸੀਂ ਛੋਹ ਜਾਂ ਸਪਰਸ਼ ਨੂੰ ਕਿਵੇ ਮਹਿਸੂਸ ਕਰਦੇ ਹੋ। ਤੁਹਾਨੂੰ ਸ਼ਾਇਦ ਉੱਥੇ ਬੇਹਿਸੀ, ਝਰਨਾਹਟ, ਜਾਂ ਖੁਜਲੀ ਮਹਿਸੂਸ ਹੋਵੇ ਜਿੱਥੇ ਤੁਹਾਨੂੰ ਕਿਸੇ ਵੱਖਰੇ ਅਹਿਸਾਸ ਦੀ ਉਮੀਦ ਹੋਵੇਗੀ। ਦੂਜੇ ਪਾਸੇ, ਤੁਸੀਂ ਸ਼ਾਇਦ ਇਹ ਦੇਖੋ ਕਿ ਤੁਸੀਂ ਕੁਝ ਮੌਕਿਆਂ ‘ਤੇ ਅਤਿ ਸੰਵੇਦਨਸ਼ੀਲ ਹੋ ਜਾਂਦੇ ਹੋ – ਕਿਸੇ ਚੀਜ਼ ਨੂੰ ਛੂਹਣ ਦਾ ਅਹਿਸਾਸ ਕਿਤੇ ਜ਼ਿਆਦਾ ਮਜ਼ਬੂਤ, ਅਤੇ ਇੱਥੋਂ ਤਕ ਕਿ ਦਰਦਨਾਕ ਵੀ ਹੋ ਸਕਦਾ ਹੈ।

ਇਸ ਦਾ ਬਹੁਤ ਨਜ਼ਦੀਕੀ ਸਬੰਧੀ ਪੁਰਾਣੇ ਦਰਦ ਨਾਲ ਹੁੰਦਾ ਹੈ, ਪਰ ਇਸ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਤੁਹਾਨੂੰ ਦਰਦ ਮਹਿਸੂਸ ਹੋਵੇਗਾ।

ਸਾਈਨਾਸਥੀਜ਼ੀਆ (Synaesthesia)

ਸਟ੍ਰੋਕ ਜਾਂ ਦਿਮਾਗ ਜਾਂ ਨਸਾਂ ਦੇ ਕਿਸੇ ਹੋਰ ਨੁਕਸਾਨ ਤੋਂ ਬਾਅਦ, ਕੁਝ ਲੋਕਾਂ ਨੂੰ ਸ਼ਾਇਦ ਸਾਈਨਾਸਥੀਜ਼ੀਆ ਨਾਂ ਦੀ ਸਥਿਤੀ ਹੋ ਸਕਦੀ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਤੁਹਾਡੇ ਦਿਮਾਗ ਦੇ ਰਸਤੇ ਉਲਝਣ ਵਿੱਚ ਪੈ ਜਾਂਦੇ ਹਨ, ਅਤੇ ਇੰਦਰੀਆਂ ਦੇ ਵਿਚਕਾਰ “ਭਟਕ” ਸਕਦੇ ਹਨ – ਉਦਾਹਰਣ ਲਈ, ਤੁਹਾਨੂੰ ਅਵਾਜ਼ਾਂ ਦਾ ਕੋਈ ਰੰਗ ਹੋਣ, ਜਾਂ ਅਕਾਰਾਂ ਦਾ ਕੋਈ ਸੁਆਦ ਹੋਣ ਦਾ ਅਨੁਭਵ ਹੋ ਸਕਦਾ ਹੈ।

ਸਾਈਨਾਸਥੀਜ਼ੀਆ ਨੁਕਸਾਨਦੇਹ ਨਹੀਂ ਹੁੰਦਾ, ਪਰ ਕੁਝ ਲੋਕਾਂ ਨੂੰ ਇਸਦੀ ਆਦਤ ਪਾਉਣ ਵਿੱਚ ਸਮਾਂ ਲੱਗ ਸਕਦਾ ਹੈ। ਜੇ ਤੁਹਾਨੂੰ ਸਾਈਨਾਸਥੀਜ਼ੀਆ ਹੋ ਗਿਆ ਹੈ, ਤਾਂ ਤੁਸੀਂ ਸ਼ਾਇਦ ਇਹ ਦੇਖੋ ਕਿ ਤੁਹਾਡੀ ਪਸੰਦ ਅਤੇ ਨਾਪਸੰਦ ਵਿੱਚ ਤਬਦੀਲੀਆਂ ਆ ਗਈਆਂ ਹਨ; ਹੋ ਸਕਦਾ ਹੈ ਕਿ ਤੁਹਾਨੂੰ ਹੋਰਨਾਂ ਲੋਕਾਂ ਨੂੰ ਆਪਣੇ ਅਨੁਭਵ ਦਾ ਵਰਣਨ ਕਰਨਾ ਔਖਾ ਲੱਗੇ। ਆਮ ਤੌਰ ‘ਤੇ, ਸਾਈਨਾਸਥੀਜ਼ੀਆ ਵਾਲੇ ਲੋਕ ਬਹੁਤ ਜਲਦੀ ਇਸਦੀ ਆਦਤ ਪਾ ਲੈਂਦੇ ਹਨ।

ਸਥਾਨ ਸਬੰਧੀ ਅਣਗਹਿਲੀ

ਸਟ੍ਰੋਕ ਤੋਂ ਬਾਅਦ, ਕੁਝ ਲੋਕਾਂ ਨੂੰ ਸਥਾਨ ਸਬੰਧੀ ਅਣਗਹਿਲੀ ਵਰਗੀ ਚੀਜ਼ ਦਾ ਅਨੁਭਵ ਹੁੰਦਾ ਹੈ। ਇਸਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੇ ਪ੍ਰਭਾਵਤ ਹੋਏ ਅੱਧੇ ਹਿੱਸੇ ‘ਤੇ ਕੁਝ ਜਾਂ ਸਾਰੀਆਂ ਇੰਦਰੀਆਂ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰਦੀਆਂ, ਇਸ ਲਈ ਤੁਸੀਂ ਆਪਣੀ ਦੁਨੀਆ ਦੇ ਉਸ ਅੱਧੇ ਹਿੱਸੇ ਵਿੱਚ ਮੌਜੂਦ ਚੀਜ਼ਾਂ ਨੂੰ ਸ਼ਾਇਦ ਭੁੱਲ ਸਕਦੇ ਹੋ। ਇਹ ਸਭ ਤੋਂ ਵੱਧ ਆਮ ਤੌਰ ‘ਤੇ ਖੱਬੇ ਪਾਸੇ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਸਟ੍ਰੋਕ ਦਿਮਾਗ ਦੇ ਸੱਜੇ ਅੱਧ ਨੂੰ ਪ੍ਰਭਾਵਤ ਕਰਦੇ ਹਨ।

ਉਦਾਹਰਣ ਲਈ, ਸਥਾਨ ਸਬੰਧੀ ਅਣਗਹਿਲੀ ਵਾਲੇ ਲੋਕ ਆਪਣੇ ਚਿਹਰੇ ਦੇ ਖੱਬੇ ਪਾਸੇ ਸ਼ੇਵ ਕਰਨ ਵਿੱਚ ਅਸਫ਼ਲ ਹੋ ਸਕਦੇ ਹਨ, ਆਪਣੀ ਪਲੇਟ ਦੇ ਖੱਬੇ ਪਾਸੇ ਪਏ ਭੋਜਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ, ਜਾਂ ਉਸ ਪਾਸੇ ਤੋਂ ਆਉਣ ਵਾਲੇ ਲੋਕਾਂ ਨੂੰ ਦੇਖਣ ਜਾਂ ਸੁਣਨ ਵਿੱਚ ਅਸਮਰੱਥ ਹੋ ਸਕਦੇ ਹਨ। ਇਸ ਗੱਲ ਤੋਂ ਅਣਜਾਣ ਹੋਣਾ ਕਿ ਤੁਹਾਨੂੰ ਇਹ ਸਥਿਤੀ ਹੈ, ਅਤੇ ਇਹ ਸੋਚਣਾ ਆਮ ਗੱਲ ਹੈ ਕਿ ਕੋਈ ਗੜਬੜ ਨਹੀਂ ਹੈ।

ਸਥਾਨ ਸਬੰਧੀ ਅਣਗਹਿਲੀ ਦਾ ਇਲਾਜ ਸਮੇਂ ਦੇ ਨਾਲ, ਨਜ਼ਰਅੰਦਾਜ਼ ਕੀਤੇ ਹੋਏ ਖੇਤਰ ਦੀਆਂ ਚੀਜ਼ਾਂ ਵੱਲ ਤੁਹਾਡਾ ਧਿਆਨ ਵਾਰ-ਵਾਰ ਲਿਆ ਕੇ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਸਥਾਨ ਸਬੰਧੀ ਅਣਗਹਿਲੀ ਹੈ, ਤਾਂ ਸੰਭਵ ਤੌਰ ‘ਤੇ ਤੁਹਾਡੀ ਸਟ੍ਰੋਕ ਟੀਮ ਦੇ ਮੈਂਬਰਾਂ, ਖਾਸ ਤੌਰ ‘ਤੇ ਨਿਊਰੋਲੌਜਿਸਟ, ਆਕਿਊਪੇਸ਼ਨਲ ਥੈਰੇਪਿਸਟ, ਅਤੇ ਸਟ੍ਰੋਕ ਨਰਸਾਂ ਦੁਆਰਾ ਇਸ ਇਲਾਜ ਵਿੱਚ ਤੁਹਾਡੀ ਮਦਦ ਕੀਤੀ ਜਾਵੇਗੀ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo