Skip to main content

COPD (Punjabi)

COPD ਕੀ ਹੁੰਦਾ ਹੈ?

ਕ੍ਰੋਨਿਕ ਅਬਸਟ੍ਰਕਟਿਵ ਪਲਮਨਰੀ ਡਿਸੀਜ਼ (Chronic Obstructive Pulmonary Disease – COPD) ਫੇਫੜਿਆਂ ਸਬੰਧੀ ਉਹਨਾਂ ਸਮੱਸਿਆਵਾਂ ਦੇ ਗਰੁੱਪ ਲਈ ਇੱਕ ਵਿਆਪਕ ਸ਼ਬਦ ਹੈ ਜੋ ਹਵਾ ਮਾਰਗਾਂ ਨੂੰ ਲੰਬੇ ਸਮੇਂ ਲਈ ਨੁਕਸਾਨ ਪਹੁੰਚਾਉਂਦੀਆਂ ਹਨ। COPD ਵਿੱਚ ਕਈ ਕਾਰਨਾਂ ਕਰਕੇ ਹਵਾ ਮਾਰਗ ਤੰਗ ਹੋ ਜਾਂਦੇ ਹਨ, ਇਸ ਲਈ ਤੁਸੀਂ ਸਾਹ ਰਾਹੀਂ ਜੋ ਹਵਾ ਲੈਂਦੇ ਹੋ ਉਹ ਫੇਫੜਿਆਂ ਦੇ ਅੰਦਰ ਜਾਂ ਬਾਹਰ ਸੁਤੰਤਰ ਰੂਪ ਵਿੱਚ ਨਹੀਂ ਵਹਿ ਸਕਦੀ ਹੈ।

Cਕ੍ਰੋਨਿਕ = ਲੰਬੇ ਸਮੇਂ ਲਈ
Oਓਬਸਟ੍ਰਕਟਿਵ = ਹਵਾ ਮਾਰਗਾਂ ਦੇ ਤੰਗ ਹੋਣ ਦਾ ਵਰਣਨ ਕਰਦਾ ਹੈ
Pਪਲਮਨਰੀ = ਫੇਫੜਿਆਂ ਦੀ
Dਬਿਮਾਰੀ

COPD ਦੇ ਲੱਛਣ ਕੀ ਹੁੰਦੇ ਹਨ?

COPD ਸਮੇਂ ਦੇ ਨਾਲ-ਨਾਲ ਸਾਹ ਲੈਣਾ ਔਖਾ ਬਣਾਉਂਦੀ ਹੈ। ਬਹੁਤ ਸਾਰੇ ਲੋਕਾਂ ਵਿੱਚ ਉਹਨਾਂ ਦੇ 40ਵਿਆਂ ਦੇ ਅਖੀਰ ਤਕ ਦਿਖਾਈ ਦੇਣ ਯੋਗ ਲੱਛਣ ਨਹੀਂ ਹੁੰਦੇ ਹਨ।

COPD ਦੇ ਵਿਸ਼ੇਸ਼ ਲੱਛਣ ਇਹ ਹਨ:

  • ਸਾਹ ਚੜ੍ਹਨ ਦੀ ਸਮੱਸਿਆ ਵਿੱਚ ਵਾਧਾ
  • ਸਾਹ ਵਿੱਚ ਘਰੜ-ਘਰੜ
  • ਨਿਯਮਤ ਤੌਰ ‘ਤੇ ਥੁੱਕ (ਬਲਗਮ) ਦਾ ਬਣਨਾ
  • ਖੰਘ ਆਉਣਾ

ਤੁਹਾਨੂੰ ਸ਼ਾਇਦ ਹੋਰ ਲੱਛਣ ਵੀ ਹੋ ਸਕਦੇ ਹਨ, ਜਿਵੇਂ ਕਿ ਛਾਤੀ ਦੀ ਵਾਰ-ਵਾਰ ਇਨਫ਼ੈਕਸ਼ਨ, ਭਾਰ ਘਟਣਾ, ਅਤੇ ਥਕਾਵਟ ਜਾਂ ਥਕੇਵਾਂ।

COPD ਕਿਸ ਕਰਕੇ ਹੁੰਦੀ ਹੈ?

COPD ਦਾ ਮੁੱਖ ਕਾਰਨ ਤਮਾਕੂਨੋਸ਼ੀ ਹੈ। ਯੂਕੇ ਵਿੱਚ, COPD ਪੀੜਤ 10 ਵਿੱਚੋਂ 8 ਲੋਕ ਜਾਂ ਤਾਂ ਇਸ ਸਮੇਂ ਤਮਾਕੂਨੋਸ਼ੀ ਕਰਦੇ ਹਨ ਜਾਂ ਪਹਿਲਾਂ ਕਰਦੇ ਹੁੰਦੇ ਸਨ।

ਪਰ ਤਮਾਕੂਨੋਸ਼ੀ ਹੀ COPD ਦਾ ਕਾਰਨ ਨਹੀਂ ਹੈ। ਇਹ ਇਹਨਾਂ ਕਾਰਨਾਂ ਕਰਕੇ ਵੀ ਹੋ ਸਕਦੀ ਹੈ:

  • ਹਵਾ ਦੀ ਖਰਾਬ ਕੁਆਲਿਟੀ
  • ਕੰਮ ਨਾਲ ਸਬੰਧਤ ਧੂੜ ਦੇ ਸੰਪਰਕ ਵਿੱਚ ਆਉਣਾ
  • ਰਸਾਇਣ ਜਾਂ ਵਾਸ਼ਪ
  • ਜੈਨੇਟਿਕ ਕਾਰਕ

COPD ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ?

COPD ਦਾ ਪਤਾ ਕਈ ਤਰੀਕਿਆਂ ਨਾਲ ਲਗਾਇਆ ਸਕਦਾ ਹੈ, ਕਿਉਂਕਿ ਇਹ ਸਮੇਂ ਦੇ ਨਾਲ ਵਿਗੜਦੇ ਲੱਛਣਾਂ ਦੇ ਨਾਲ “ਹੋਰ ਫੈਲ” ਜਾਂਦੀ ਹੈ। ਤੁਹਾਡਾ ਡਾਕਟਰ ਸੰਭਾਵੀ ਰੂਪ ਵਿੱਚ ਤੁਹਾਨੂੰ ਤੁਹਾਡੇ ਪਰਿਵਾਰਕ ਪਿਛੋਕੜ, ਤੁਹਾਡੀ ਆਮ ਸਿਹਤ ਅਤੇ ਇਸ ਬਾਰੇ ਕਈ ਸਵਾਲ ਪੁੱਛੇਗਾ ਕਿ ਕੀ ਤੁਸੀਂ ਤਮਾਕੂਨੋਸ਼ੀ ਕਰਦੇ ਹੋ ਜਾਂ ਨਹੀਂ। ਇਸ ਤੋਂ ਬਾਅਦ ਉਹ ਤੁਹਾਡੀ ਛਾਤੀ ਨੂੰ ਸੁਣ ਕੇ ਅਤੇ ਤੁਹਾਡੇ ਸਰੀਰ ਦੇ ਹੋਰਾਂ ਹਿੱਸਿਆਂ (ਜਿਵੇਂ ਕਿ ਉਂਗਲਾਂ ਅਤੇ ਗਿੱਟਿਆਂ) ਨੂੰ ਦੇਖ ਕੇ ਤੁਹਾਡਾ ਮੁਆਇਨਾ ਕਰੇਗਾ ਤਾਂ ਜੋ ਅਜਿਹੀਆਂ ਕੋਈ ਹੋਰ ਸਮੱਸਿਆਵਾਂ ਦੀ ਸੰਭਾਵਨਾ ਨੂੰ ਖਾਰਜ ਕੀਤਾ ਜਾ ਸਕੇ ਜੋ ਤੁਹਾਡੇ ਲੱਛਣਾਂ ਦਾ ਕਾਰਨ ਹੋ ਸਕਦੀਆਂ ਹਨ।

ਉਹ ਤੁਹਾਡੀ ਸਾਹ ਦੀ ਤਕਲੀਫ਼ ਦੀ ਗੰਭੀਰਤਾ ਦਾ ਮੁਲਾਂਕਣ ਵੀ ਕਰ ਸਕਦੇ ਹਨ ਤਾਂ ਜੋ ਇਸ ਬਾਰੇ ਅੰਦਾਜ਼ਾ ਲਗਾਇਆ ਜਾ ਸਕੇ ਕਿ COPD ਤੁਹਾਡੇ ਰੋਜ਼ਮਰ੍ਹਾ ਦੇ ਜੀਵਨ ਨੂੰ ਕਿੰਨੀ ਪ੍ਰਭਾਵਤ ਕਰ ਰਹੀ ਹੈ। COPD ਦਾ ਪਤਾ ਲੱਗ ਜਾਣ ਤੋਂ ਬਾਅਦ, ਇਸ ਦੀ ਗੰਭੀਰਤਾ ਨੂੰ ਹਲਕੀ, ਦਰਮਿਆਨੀ, ਗੰਭੀਰ ਜਾਂ ਬਹੁਤ ਗੰਭੀਰ ਵਜੋਂ ਨਿਰਧਾਰਤ ਕੀਤਾ ਜਾਂਦਾ ਹੈ।

ਹੋ ਸਕਦਾ ਹੈ ਕਿ ਇਹ ਦੇਖਣ ਲਈ ਤੁਹਾਡੇ BMI ਦਾ ਵੀ ਹਿਸਾਬ ਲਗਾਇਆ ਜਾਵੇ ਕਿ ਕੀ ਲੋੜੋਂ ਘੱਟ ਜਾਂ ਵੱਧ ਭਾਰ ਹੋਣ ਕਰਕੇ ਤੁਹਾਡੇ ਲੱਛਣ ਸੰਭਾਵੀ ਰੂਪ ਵਿੱਚ ਵਿਗੜ ਰਹੇ ਹਨ।

ਇਸ ਤੋਂ ਬਾਅਦ ਇਹ ਸਮਝਣ ਲਈ ਤੁਹਾਨੂੰ ਹੇਠਾਂ ਦਿੱਤੇ ਟੈਸਟਾਂ ਵਿੱਚੋਂ ਇੱਕ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਕਿ ਤੁਹਾਡੇ ਲਈ ਅਤੇ ਤੁਹਾਡੀ ਸਥਿਤੀ ਲਈ ਕਿਹੜਾ (ਕਿਹੜੇ) ਇਲਾਜ ਸਭ ਤੋਂ ਵੱਧ ਅਸਰਦਾਰ ਰਹੇਗਾ (ਰਹਿਣਗੇ):

  • ਸਾਹ ਸਬੰਧੀ ਵਾਧੂ ਟੈਸਟ ਇਹ ਫ਼ੈਸਲਾ ਕਰਨ ਲਈ ਕਿ ਕੀ ਤੁਹਾਨੂੰ ਦਮਾ ਹੈ ਜਾਂ COPD ਤਾਂ ਨਹੀਂ ਹੈ
  • ਸਾਹ ਲੈਣ ਸਬੰਧੀ ਕਾਰਜਾਤਮਕ ਟੈਸਟ ਇਹ ਦੇਖਣ ਲਈ ਕਿ ਸਰੀਰਕ ਗਤੀਵਿਧੀ ਤੁਹਾਡੀ ਸਾਹ ਕਿਰਿਆ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ
  • ਅਲਫ਼ਾ-1 ਐਂਟੀਟ੍ਰਿਪਸਿਨ ਲਈ ਖੂਨ ਦੀ ਜਾਂਚ ਇਹ ਪਤਾ ਲਗਾਉਣ ਲਈ ਕਿ ਕੀ ਤੁਹਾਡੇ ਵਿੱਚ ਅਲਫ਼ਾ-1 ਐਂਟੀਟ੍ਰਿਪਸਿਨ ਦੀ ਕਮੀ ਤਾਂ ਨਹੀਂ ਹੈ (ਇੱਕ ਵਿਰਾਸਤੀ ਸਥਿਤੀ ਜੋ COPD ਦਾ ਕਾਰਨ ਬਣ ਸਕਦੀ ਹੈ)
  • ਤੁਹਾਡੀ ਛਾਤੀ ਦਾ ਕੰਪਿਊਟ੍ਰਾਈਜ਼ਡ ਟੋਮੋਗ੍ਰਾਫ਼ੀ (CT) ਸਕੈਨ ਤਾਂ ਜੋ ਤੁਹਾਡੇ ਫੇਫੜਿਆਂ ਦੀ ਬਣਤਰ ਦੀ ਇੱਕ ਵਿਸਤ੍ਰਿਤ ਤਸਵੀਰ ਮਿਲ ਸਕੇ
  • ਇਲੈਕਟ੍ਰੋਕਾਰਡੀਓਗ੍ਰਾਮ (ECG) ਜਾਂ ਈਕੋਕਾਰਡੀਓਗ੍ਰਾਮ (Echo) ਜਾਂ ਦੋਵੇਂ ਟੈਸਟ ਇਹ ਪਤਾ ਲਗਾਉਣ ਲਈ ਕਿ ਕੀ COPD ਨੇ ਤੁਹਾਡੇ ਦਿਲ ਨੂੰ ਪ੍ਰਭਾਵਤ ਕੀਤਾ ਹੈ
  • ਪਲਸ ਆਕਸੀਮੀਟਰੀ ਤੁਹਾਡੇ ਖੂਨ ਵਿੱਚ ਆਕਸੀਜਨ ਦੀ ਮਾਤਰਾ ਨੂੰ ਮਾਪਣ ਲਈ
  • ਥੁੱਕ ਦਾ ਟੈਸਟ ਜੇ ਕਿਸੇ ਇਨਫ਼ੈਕਸ਼ਨ ਦਾ ਸ਼ੱਕ ਹੋਵੇ ਤਾਂ

COPD ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਜੇ ਤੁਸੀਂ ਤਮਾਕੂਨੋਸ਼ੀ ਕਰਨ ਵਾਲੇ ਹੋ, ਤਾਂ ਇਲਾਜ ਦਾ ਸਭ ਤੋਂ ਪਹਿਲਾ ਪੜਾਅ ਹੈ ਤਮਾਕੂਨੋਸ਼ੀ ਨੂੰ ਛੱਡਣਾ। ਤਮਾਕੂਨੋਸ਼ੀ ਛੱਡਣ ਨਾਲ ਤੁਹਾਡੇ ਫੇਫੜਿਆਂ ਨੂੰ ਹੋਣ ਵਾਲਾ ਨੁਕਸਾਨ ਹੌਲੀ ਹੋ ਜਾਵੇਗਾ ਜਾਂ ਰੁੱਕ ਜਾਵੇਗਾ। ਜੇ ਤੁਸੀਂ COPD ਦੇ ਸ਼ੁਰੂਆਤੀ ਪੜਾਵਾਂ ਵਿੱਚ ਹੋ, ਤਾਂ ਸ਼ਾਇਦ ਇਹੀ ਇੱਕੋ ਇੱਕ ਇਲਾਜ ਹੋ ਸਕਦਾ ਹੈ ਜਿਸਦੀ ਤੁਹਾਨੂੰ ਲੋੜ ਹੈ।

COPD ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਪਰ ਡਾਕਟਰੀ ਇਲਾਜ ਤੁਹਾਡੇ ਲੱਛਣਾਂ ਨੂੰ ਸੁਧਾਰ ਸਕਦਾ ਹੈ, ਉਹਨਾਂ ਨੂੰ ਵਿਗੜਨ ਤੋਂ ਰੋਕ ਸਕਦਾ ਹੈ, ਅਤੇ ਭਵਿੱਖ ਵਿੱਚ ਲੱਛਣਾਂ ਦੇ ਭੜਕਣ ਨੂੰ ਰੋਕ ਸਕਦਾ ਹੈ।

COPD ਲਈ ਇਲਾਜ ਦੀਆਂ ਕਈ ਚੋਣਾਂ ਹਨ। ਤੁਹਾਨੂੰ ਦਿੱਤਾ ਜਾਣ ਵਾਲਾ ਇਲਾਜ ਤੁਹਾਡੇ ਲੱਛਣਾਂ ਅਤੇ ਤੁਹਾਡੀ COPD ਦੀ ਗੰਭੀਰਤਾ ‘ਤੇ ਨਿਰਭਰ ਕਰੇਗਾ। ਤੁਹਾਡੇ ਲਈ ਸਹੀ ਇਲਾਜ ਲੱਭਣ ਦੀ ਪ੍ਰਕਿਰਿਆ ਲਈ ਥੋੜ੍ਹੀਆਂ ਕੋਸ਼ਿਸ਼ਾਂ ਅਤੇ ਤਜਰਬੇ ਕਰਕੇ ਦੇਖਣ ਦੀ ਲੋੜ ਹੋ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਇਲਾਜ ਦੀ ਨਿਯਮਤ ਤੌਰ ‘ਤੇ ਸਮੀਖਿਆ ਕੀਤੀ ਜਾਵੇਗੀ, ਅਤੇ ਹੋ ਸਕਦਾ ਹੈ ਕਿ ਤੁਹਾਨੂੰ ਉਦੋਂ ਤਕ ਕਈ ਇਲਾਜ ਅਜ਼ਮਾ ਕੇ ਦੇਖਣੇ ਪੈਣ ਜਦੋਂ ਤਕ ਤੁਹਾਨੂੰ ਆਪਣੇ ਲਈ ਸਭ ਤੋਂ ਵਧੀਆ ਇਲਾਜ ਨਹੀਂ ਮਿਲ ਜਾਂਦਾ।

COPD ਦਵਾਈਆਂ ਅਕਸਰ ਇਨਹੇਲਰ ਜਾਂ ਨੈਬੂਲਾਈਜ਼ਰ ਜ਼ਰੀਏ ਸਾਹ ਰਾਹੀਂ ਅੰਦਰ ਲਈਆਂ ਜਾਂਦੀਆਂ ਹਨ, ਜਿਸ ਨਾਲ ਦਵਾਈ ਸਿੱਧੇ ਫੇਫੜਿਆਂ ਵਿੱਚ ਜਾਂਦੀ ਹੈ ਅਤੇ ਘੱਟ ਤੋਂ ਘੱਟ ਮਾੜੇ ਪ੍ਰਭਾਵਾਂ ਦੇ ਨਾਲ ਸਭ ਤੋਂ ਵੱਧ ਅਸਰ ਮਿਲਦਾ ਹੈ। ਹੋਰ ਦਵਾਈਆਂ ਵਿੱਚ ਮਿਊਕੋਲਿਟਿਕ ਦਵਾਈਆਂ ਸ਼ਾਮਲ ਹਨ ਜੋ ਬਲਗਮ ਨੂੰ ਘੱਟ ਗਾੜ੍ਹਾ ਬਣਾਉਂਦੀਆਂ ਹਨ, ਸਟੀਰੌਇਡ ਗੋਲੀਆਂ ਜਿਹਨਾਂ ਨੂੰ ਲੱਛਣਾਂ ਦੇ ਭੜਕਣ ਲਈ ਤਜਵੀਜ਼ ਕੀਤਾ ਜਾਂਦਾ ਹੈ, ਅਤੇ – ਜੇ ਕਿਸੇ ਇਨਫ਼ੈਕਸ਼ਨ ਦੇ ਨਤੀਜੇ ਵਜੋਂ ਤੁਹਾਡੇ ਲੱਛਣ ਵਿਗੜ ਜਾਂਦੇ ਹਨ – ਤਾਂ ਐਂਟੀਬਾਇਓਟਿਕ ਦਵਾਈਆਂ ਦਾ ਇੱਕ ਨਿਰਧਾਰਤ ਕੋਰਸ।

ਪਲਮਨਰੀ ਰੀਹੈਬਿਲਿਟੇਸ਼ਨ (Pulmonary rehabilitation) ਸਰੀਰਕ ਗਤੀਵਿਧੀ ਅਤੇ ਸਿੱਖਿਆ ਦਾ ਇੱਕ ਢਾਂਚਾਗਤ ਪ੍ਰੋਗਰਾਮ ਹੈ ਜੋ ਖਾਸ ਤੌਰ ‘ਤੇ COPD ਵਰਗੀਆਂ ਲੰਬੇ ਸਮੇਂ ਦੀਆਂ ਛਾਤੀ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। COPD ਪੀੜਤ ਲੋਕਾਂ ਲਈ ਪਲਮਨਰੀ ਰੀਹੈਬਿਲਿਟੇਸ਼ਨ ਸਭ ਤੋਂ ਅਸਰਦਾਰ ਇਲਾਜਾਂ ਵਿੱਚੋਂ ਇੱਕ ਹੈ। ਇਹ ਤੁਹਾਡੇ ਜੀਵਨ ਦੀ ਕੁਆਲਿਟੀ ਅਤੇ ਕਸਰਤ ਕਰਨ ਦੀ ਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਲਿਆ ਸਕਦਾ ਹੈ। ਇਹ ਸਾਹ ਚੜ੍ਹਨ ਵਰਗੇ ਲੱਛਣਾਂ ਨੂੰ ਸੁਧਾਰਨ ਵਿੱਚ ਵੀ ਮਦਦ ਕਰ ਸਕਦਾ ਹੈ।

COPD ਵਿੱਚ ਸੁਧਾਰ ਲਿਆਉਣ ਲਈ ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਕਰਨਾ

COPD ਬਾਰੇ ਪਤਾ ਲੱਗਣਾ ਜੀਵਨ ਨੂੰ ਬਦਲ ਦੇਣ ਵਾਲਾ ਅਤੇ ਦੁਖਦਾਈ ਹੋ ਸਕਦਾ ਹੈ, ਪਰ ਅਜਿਹੇ ਤਰੀਕੇ ਹਨ ਜਿਹਨਾਂ ਨਾਲ ਤੁਸੀਂ ਇਸ ਦਾ ਪਤਾ ਲੱਗਣ ਤੋਂ ਬਾਅਦ ਆਪਣੀ ਮਦਦ ਕਰ ਸਕਦੇ ਹੋ।

ਜੇ ਤੁਸੀਂ ਤਮਾਕੂਨੋਸ਼ੀ ਕਰਨ ਵਾਲੇ ਹੋ, ਤਾਂ ਸਭ ਤੋਂ ਪਹਿਲਾ ਕੰਮ ਹੈ ਤਮਾਕੂਨੋਸ਼ੀ ਨੂੰ ਛੱਡਣਾ। ਤੁਹਾਡੇ ਅਤੇ ਤੁਹਾਡੇ ਅਜ਼ੀਜ਼ਾਂ ਲਈ ਅਜਿਹੇ ਬਹੁਤ ਸਾਰੇ ਤਰੀਕੇ ਹਨ ਜੋ ਸਿਗਰਟਨੋਸ਼ੀ ਛੱਡਣ ਵਿੱਚ ਮਦਦ ਕਰ ਸਕਦੇ ਹਨ।

ਇਹ ਪੱਕਾ ਕਰੋ ਕਿ ਤੁਸੀਂ ਬਹੁਤ ਸਾਰੇ ਤਰਲ ਪਦਾਰਥ ਪੀਂਦੇ ਹੋ, ਜਿੰਨਾ ਹੋ ਸਕੇ ਚੁਸਤ-ਫੁਰਤ ਰਹਿੰਦੇ ਹੋ, ਅਤੇ ਸਿਹਤਮੰਦ ਭੋਜਨ ਖਾਂਦੇ ਹੋ। ਜੇ ਤੁਹਾਡੇ ਲੱਛਣ ਵਾਰ-ਵਾਰ ਭੜਕਦੇ ਹਨ, ਤਾਂ ਤੁਹਾਡੀ ਦੇਖਭਾਲ ਟੀਮ ਇੱਕ ਸਵੈ-ਪ੍ਰਬੰਧਨ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ ਜਿਸ ਨਾਲ ਲੱਛਣਾਂ ਦੇ ਭੜਕਣ ਦੀਆਂ ਘਟਨਾਵਾਂ ਘੱਟ ਜਾਣੀਆਂ ਚਾਹੀਦੀਆਂ ਹਨ ਅਤੇ ਤੁਹਾਨੂੰ ਇੱਕ ਅਰਾਮਦੇਹ, ਸਰਗਰਮ ਜੀਵਨ ਜਿਉਣ ਵਿੱਚ ਮਦਦ ਮਿਲਣੀ ਚਾਹੀਦੀ ਹੈ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਛਾਤੀ ਦੀਆਂ ਅੱਗੇ ਹੋਰ ਸਮੱਸਿਆਵਾਂ ਹੋਣ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਛਾਤੀ ਦੀ ਸਮੱਸਿਆ ਨਾਲ ਜੀਵਨ ਜਿਉਣਾ (Living with a Chest Condition) ਸੈਕਸ਼ਨ ‘ਤੇ ਜਾਓ।

ਅਸੀਂ ਮਦਦ ਲਈ ਇੱਥੇ ਮੌਜੂਦ ਹਾਂ

ਇਸ ਬਾਰੇ ਫ਼ਿਕਰ ਹੈ ਕਿ ਆਪਣੀ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ ਜਾਂ ਕਿਸੇ ਅਜ਼ੀਜ਼ ਦੀ ਤੰਦਰੁਸਤੀ ਬਾਰੇ ਫ਼ਿਕਰ ਹੋ ਰਹੀ ਹੈ?

COPD ਬਾਰੇ ਤੁਹਾਡੇ ਕੋਈ ਵੀ ਸਵਾਲਾਂ ਜਾਂ ਚਿੰਤਾਵਾਂ ਦੇ ਜਵਾਬ ਦੇਣ ਲਈ ਸਾਡੀਆਂ ਐਡਵਾਈਸ ਲਾਈਨ ਨਰਸਾਂ ਇੱਥੇ ਮੌਜੂਦ ਹਨ। ਮੁਫ਼ਤ, ਗੁਪਤ ਸਲਾਹ ਅਤੇ ਸਹਿਯੋਗ ਲਈ 0808 801 0899 ‘ਤੇ ਕਾਲ ਕਰੋ।ਐਡਵਾਈਸ ਲਾਈਨ ਨਾਲ ਸੰਪਰਕ ਕਰੋ

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo