Skip to main content

ਹਾਰਟ ਫੇਲ੍ਹ ਹੋਣਾ

ਹਾਰਟ ਫੇਲ੍ਹ ਹੋਣਾ ਕੀ ਹੁੰਦਾ ਹੈ?

ਹਾਰਟ ਫੇਲ੍ਹ ਹੋਣਾ ਇੱਕ ਅਜਿਹੀ ਸਥਿਤੀ ਹੈ ਜਿੱਥੇ ਦਿਲ ਦੀ ਮਾਸਪੇਸ਼ੀ ਕਮਜ਼ੋਰ ਹੋ ਜਾਂਦੀ ਹੈ, ਮਤਲਬ ਇਹ ਕਿ ਇਹ ਤੁਹਾਡੇ ਪੂਰੇ ਸਰੀਰ ਵਿੱਚ ਪਹਿਲਾਂ ਵਰਗੇ ਕਾਰਗਰ ਢੰਗ ਨਾਲ ਖੂਨ ਪੰਪ ਨਹੀਂ ਕਰ ਸਕਦੀ ਹੈ।

ਹਾਰਟ ਫੇਲ੍ਹ ਹੋਣ ਦੀ ਗੰਭੀਰਤਾ ਅਤੇ ਕਾਰਨਾਂ ਦਾ ਮਤਲਬ ਇਹ ਹੈ ਕਿ ਇਸ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਹਾਲਾਂਕਿ, ਆਪਣੀ ਹੈਲਥਕੇਅਰ ਟੀਮ ਨਾਲ ਚੌਕਸ ਨਿਗਰਾਨੀ, ਦਵਾਈਆਂ ਅਤੇ ਗੱਲਬਾਤ ਨਾਲ ਆਪਣੀ ਸਥਿਤੀ ਨੂੰ ਸੰਭਾਲਣ, ਆਪਣੇ ਲੱਛਣਾਂ ਨੂੰ ਘਟਾਉਣ ਅਤੇ ਵਧੇਰੇ ਲੰਬੇ ਸਮੇਂ ਤਕ ਜਿਉਣ ਵਿੱਚ ਮਦਦ ਮਿਲ ਸਕਦੀ ਹੈ।

ਹਾਰਟ ਕਈ ਸਿਹਤ ਸਮੱਸਿਆਵਾਂ ਦੇ ਨਤੀਜੇ ਵਜੋਂ ਫੇਲ੍ਹ ਹੁੰਦਾ ਹੈ, ਜਿਹਨਾਂ ਵਿੱਚੋਂ ਸਭ ਤੋਂ ਆਮ ਇਹ ਹਨ:

  • ਦਿਲ ਦਾ ਦੌਰਾ
  • ਹਾਈ ਬਲੱਡ ਪ੍ਰੈਸ਼ਰ
  • ਦਿਲ ਦੇ ਵਾਲਵ ਦੀਆਂ ਸਮੱਸਿਆਵਾਂ
  • ਦਿਲ ਦੀ ਆਪਣੀ ਮਾਸਪੇਸ਼ੀ ਦੀ ਹੀ ਬਿਮਾਰੀ, ਜਿਸ ਨੂੰ ‘ਡਾਈਲੇਟਿਡ’ ਜਾਂ ‘ਹਾਈਪਰਟ੍ਰੋਫ਼ਿਕ’ ਕਾਰਡੀਓਮਾਇਓਪੈਥੀ ਕਿਹਾ ਜਾਂਦਾ ਹੈ

ਹਾਰਟ ਫੇਲ੍ਹ ਹੋਣ ਦੇ ਲੱਛਣ ਕੀ ਹੁੰਦੇ ਹਨ?

ਹਾਰਟ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਫੇਲ੍ਹ ਹੋ ਸਕਦਾ ਹੈ, ਅਤੇ ਇਹ ਤਰੀਕੇ ਸਮੇਂ ਦੇ ਨਾਲ ਬਦਲ ਸਕਦੇ ਹਨ। ਹਾਰਟ ਫੇਲ੍ਹ ਹੋਣ ਦੇ ਖਾਸ ਲੱਛਣ ਇਹ ਹਨ:

ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਲੱਛਣ ਹਨ, ਤਾਂ ਕਿਰਪਾ ਕਰਕੇ ਆਪਣੇ ਡਾਕਟਰ ਨਾਲ ਸੰਪਰਕ ਕਰੋ।

ਹਾਰਟ ਫੇਲ੍ਹ ਹੋਣ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ?

ਹਾਰਟ ਫੇਲ੍ਹ ਹੋਣ ਦਾ ਪਤਾ ਲਗਾਉਣ ਲਈ, ਤੁਹਾਡਾ ਡਾਕਟਰ ਤੁਹਾਡੇ ਲੱਛਣਾਂ ਬਾਰੇ ਤੁਹਾਡੇ ਨਾਲ ਚਰਚਾ ਕਰੇਗਾ ਅਤੇ ਕੁਝ ਸ਼ੁਰੂਆਤੀ ਟੈਸਟ ਕਰੇਗਾ। ਇਹਨਾਂ ਵਿੱਚ ਸ਼ਾਮਲ ਹਨ:

  • ਤੁਹਾਡੀ ਨਬਜ਼ ਦੀ ਜਾਂਚ ਕਰਨਾ
  • ਤੁਹਾਡਾ ਬਲੱਡ ਪ੍ਰੈਸ਼ਰ ਮਾਪਣਾ
  • ਗੁਰਦੇ, ਲਿਵਰ, ਅਤੇ ਥਾਇਰੌਇਡ ਫੰਕਸ਼ਨ ਦੀ ਜਾਂਚ ਕਰਨ ਲਈ ਖੂਨ ਦੇ ਟੈਸਟ ਅਤੇ ਪਿਸ਼ਾਬ ਦਾ ਨਮੂਨਾ ਲੈਣਾ, ਨਾਲ ਹੀ ਡਾਇਬਟੀਜ਼ ਅਤੇ ਅਨੀਮੀਆ ਦੀ ਜਾਂਚ ਕਰਨਾ
  • ਹਾਰਟ ਫੇਲ੍ਹ ਹੋਣ ਦੇ ਸੰਭਾਵੀ ਲੱਛਣਾਂ ਅਤੇ ਤੁਹਾਡੇ ਲੱਛਣਾਂ ਦੇ ਕੋਈ ਵੀ ਹੋਰ ਸੰਭਾਵੀ ਕਾਰਨਾਂ ਦੀ ਪਛਾਣ ਕਰਨ ਲਈ ਛਾਤੀ ਦਾ ਐਕਸ-ਰੇ ਲੈਣਾ

ਜੇ ਤੁਹਾਡੇ ਡਾਕਟਰ ਨੂੰ ਲੱਗਦਾ ਹੈ ਕਿ ਤੁਹਾਡਾ ਹਾਰਟ ਫੇਲ੍ਹ ਹੋਇਆ ਹੋ ਸਕਦਾ ਹੈ, ਤਾਂ ਉਸ ਨੂੰ ਆਪਣੇ ਡਾਇਗਨੋਸਿਸ (ਰੋਗ ਦੀ ਪਛਾਣ) ਦੀ ਪੁਸ਼ਟੀ ਕਰਨ ਜਾਂ ਵਿਕਲਪ ਲੱਭਣ ਲਈ ਸ਼ਾਇਦ ਹੋਰ ਟੈਸਟਾਂ ਦੀ ਲੋੜ ਹੋ ਸਕਦੀ ਹੈ। ਇਹਨਾਂ ਵਿੱਚ ਸ਼ਾਮਲ ਹਨ:

  • ਇਲੈਕਟ੍ਰੋਕਾਰਡੀਓਗ੍ਰਾਮ (ECG) ਜੋ ਤੁਹਾਡੇ ਦਿਲ ਦੀ ਗਤੀਵਿਧੀ ਨੂੰ ਮਾਪਦਾ ਹੈ ਅਤੇ ਪਿਛਲੇ ਦਿਲ ਦੇ ਦੌਰੇ ਦਾ ਪਤਾ ਲਗਾ ਸਕਦਾ ਹੈ
  • B-ਟਾਈਪ ਨੈਟ੍ਰੀਯੂਰੇਟਿਕ ਪੈਪਟਾਈਡਜ਼ (BNP) ਟੈਸਟ – ਖੂਨ ਦੀ ਇੱਕ ਜਾਂਚ ਜੋ ਤੁਹਾਡੇ ਖੂਨ ਵਿੱਚ B-ਟਾਈਪ ਨੈਟ੍ਰੀਯੂਰੇਟਿਕ ਪੈਪਟਾਈਡ (ਤੁਹਾਡੇ ਦਿਲ ਦੁਆਰਾ ਤਿਆਰ ਕੀਤਾ ਜਾਂਦੇ ਰਸਾਇਣ) ਦੇ ਪੱਧਰ ਨੂੰ ਮਾਪਦੀ ਹੈ। ਜੇ ਤੁਹਾਡਾ ਹਾਰਟ ਫੇਲ੍ਹ ਅਸਥਿਰ ਹੈ, ਤਾਂ BNP ਦਾ ਪੱਧਰ ਵੱਧ ਜਾਵੇਗਾ।
  • ਈਕੋਕਾਰਡੀਓਗ੍ਰਾਮ – ਤੁਹਾਡੇ ਦਿਲ ਦਾ ਅਲਟ੍ਰਾਸਾਊਂਡ ਸਕੈਨ। ਇਸ ਦੌਰਾਨ, ਤੁਹਾਡੀ ਛਾਤੀ ਉੱਪਰ ਇੱਕ ਰਿਕਾਰਡਰ ਲਗਾਇਆ ਜਾਂਦਾ ਹੈ, ਅਤੇ ਅਵਾਜ਼ ਦੀਆਂ ਤਰੰਗਾਂ ਨੂੰ ਤੁਹਾਡੀ ਛਾਤੀ ਤੋਂ ਤੁਹਾਡੇ ਦਿਲ ਤਕ ਪਹੁੰਚਾਇਆ ਜਾਂਦਾ ਹੈ। ਰਿਕਾਰਡਰ ਇਹ ਦੇਖਣ ਲਈ ਅਵਾਜ਼ ਦੀਆਂ ਤਰੰਗਾਂ ਨੂੰ ਮਾਨੀਟਰ ਕਰਦਾ ਹੈ ਕਿ ਕੀ ਉਹ ਕਿਸੇ ਠੋਸ ਟਿਸ਼ੂ ਦੁਆਰਾ ਰੋਕੀਆਂ ਜਾਂ ਵਾਪਸ ਭੇਜੀਆਂ ਜਾਂਦੀਆਂ ਹਨ। ਇਹ ਤੁਹਾਡੇ ਦਿਲ ਦੇ ਅਕਾਰ ਬਾਰੇ ਅਤੇ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਕਿ ਤੁਹਾਡੇ ਦਿਲ ਦੀ ਮਾਸਪੇਸ਼ੀ ਕਿੰਨੀ ਕੁ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਤੁਹਾਡੇ ਦਿਲ ਦੇ ਵਾਲਵ ਕਿੰਨੀ ਕੁ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।

ਹਾਰਟ ਫੇਲ੍ਹ ਹੋਣ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਹਾਰਟ ਫੇਲ੍ਹ ਹੋਣ ਦੇ ਇਲਾਜ ਨਾਲ ਤੁਹਾਡੇ ਲੱਛਣਾਂ ਤੋਂ ਛੁਟਕਾਰਾ ਮਿਲੇਗਾ ਅਤੇ ਤੁਹਾਡਾ ਦਿਲ ਹੋਰ ਮਜ਼ਬੂਤ ਹੋਵੇਗਾ, ਜਿਸ ਨਾਲ ਤੁਹਾਡੇ ਜੀਵਨ ਦੀ ਕੁਆਲਿਟੀ ਵਿੱਚ ਸੁਧਾਰ ਆਏਗਾ।

ਇਲਾਜ ਦੀਆਂ ਬਹੁਤ ਸਾਰੀਆਂ ਵੱਖ-ਵੱਖ ਚੋਣਾਂ ਉਪਲਬਧ ਹਨ, ਜਿਹਨਾਂ ਵਿੱਚ ਦਵਾਈਆਂ, ਇੰਪਲਾਂਟ ਕੀਤੇ ਜਾਣ ਵਾਲੇ ਡਿਵਾਈਸ, ਜਾਂ ਸਰਜਰੀ ਸ਼ਾਮਲ ਹਨ।

ਤੁਹਾਡਾ ਡਾਕਟਰ ਤੁਹਾਡੇ ਨਾਲ ਇਹਨਾਂ ਚੋਣਾਂ ਬਾਰੇ ਚਰਚਾ ਕਰੇਗਾ, ਅਤੇ ਇਹ ਫ਼ੈਸਲਾ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਕਿ ਕਿਹੜੀ ਸਭ ਤੋਂ ਵਧੀਆ ਹੈ। ਇਹ ਚੋਣ ਤੁਹਾਡੀ ਸਥਿਤੀ ਦੀ ਗੰਭੀਰਤਾ, ਤੁਹਾਡੇ ਲੱਛਣਾਂ, ਹੋਰ ਸਮੱਸਿਆਵਾਂ ਜੋ ਤੁਹਾਨੂੰ ਹੋ ਸਕਦੀਆਂ ਹਨ, ਅਤੇ ਉਹਨਾਂ ਸੰਭਾਵੀ ਮਾੜੇ ਪ੍ਰਭਾਵਾਂ ‘ਤੇ ਅਧਾਰਤ ਹੋਵੇਗੀ ਜਿਹਨਾਂ ਦਾ ਸ਼ਾਇਦ ਤੁਸੀਂ ਸਾਹਮਣਾ ਕਰੋ। ਤੁਹਾਨੂੰ ਹਮੇਸ਼ਾ ਬੇਝਿਜਕ ਹੋ ਕੇ ਸਵਾਲ ਪੁੱਛਣੇ ਚਾਹੀਦੇ ਹਨ ਜਾਂ ਕਿਸੇ ਵੀ ਅਜਿਹੀ ਗੱਲ ਨੂੰ ਸਪਸ਼ਟ ਕਰਨ ਲਈ ਪੁੱਛਣਾ ਚਾਹੀਦਾ ਹੈ ਜਿਸ ਬਾਰੇ ਤੁਹਾਨੂੰ ਪੱਕਾ ਨਹੀਂ ਪਤਾ ਹੈ।

ਅਸੀਂ ਮਦਦ ਲਈ ਇੱਥੇ ਮੌਜੂਦ ਹਾਂ

ਚਿੰਤਾ ਹੈ ਕਿ ਆਪਣੀ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ ਜਾਂ ਕਿਸੇ ਅਜ਼ੀਜ਼ ਦੀ ਤੰਦਰੁਸਤੀ ਬਾਰੇ ਫ਼ਿਕਰ ਹੋ ਰਹੀ ਹੈ?

ਹਾਰਟ ਫੇਲ੍ਹ ਹੋਣ ਬਾਰੇ ਤੁਹਾਡੇ ਕੋਈ ਵੀ ਸਵਾਲਾਂ ਜਾਂ ਚਿੰਤਾਵਾਂ ਦੇ ਜਵਾਬ ਦੇਣ ਲਈ ਸਾਡੀਆਂ ਐਡਵਾਈਸ ਲਾਈਨ ਨਰਸਾਂ ਇੱਥੇ ਮੌਜੂਦ ਹਨ। ਮੁਫ਼ਤ, ਗੁਪਤ ਸਲਾਹ ਅਤੇ ਸਹਿਯੋਗ ਲਈ 0808 801 0899 ‘ਤੇ ਕਾਲ ਕਰੋ।

ਹਾਰਟ ਫੇਲ੍ਹ ਹੋਣ ਦਾ ਪਤਾ ਲੱਗਣ ਤੋਂ ਬਾਅਦ ਸਿਹਤਮੰਦ ਰਹਿਣਾ

ਜਦੋਂ ਹਾਰਟ ਫੇਲ੍ਹ ਹੋਣ ਵਰਗੇ ਡਾਇਗਨੋਸਿਸ ਦਾ ਸਾਹਮਣਾ ਹੁੰਦਾ ਹੈ, ਤਾਂ ਚਿੰਤਾ ਜਾਂ ਅਲੱਗ-ਥਲੱਗ ਮਹਿਸੂਸ ਕਰਨਾ ਕੁਦਰਤੀ ਗੱਲ ਹੈ ਅਤੇ ਸਮਝ ਵਿੱਚ ਆਉਂਦਾ ਹੈ। ਅਸੀਂ ਸੁਝਾਅ ਦਿੰਦੇ ਹਾਂ ਕਿ ਜਦੋਂ ਤੁਸੀਂ ਆਪਣੀ ਸਥਿਤੀ ਅਤੇ ਇਲਾਜ ਨੂੰ ਸਮਝ ਕੇ ਉਸ ਨੂੰ ਸਵੀਕਾਰ ਕਰਦੇ ਹੋ ਤਾਂ ਤੁਹਾਡੇ ਨਾਲ ਕੁਝ ਕੁ ਦਿਨਾਂ ਲਈ ਘਰ ਵਿੱਚ ਕੋਈ ਹੋਰ ਹੋਵੇ ਜਾਂ ਘੱਟੋ-ਘੱਟ ਫ਼ੋਨ ‘ਤੇ ਗੱਲ ਕਰਨ ਲਈ ਕੋਈ ਹੋਵੇ।

ਜਿੰਨਾ ਸੰਭਵ ਹੋ ਸਕੇ ਆਪਣਾ ਖਿਆਲ ਰੱਖਣਾ ਯਕੀਨੀ ਬਣਾਓ। ਨਮਕ ਘਟਾਓ, ਆਪਣੇ ਅਲਕੋਹਲ ਦੇ ਸੇਵਨ ਨੂੰ ਸੀਮਤ ਕਰੋ, ਇੱਕ ਸਿਹਤਮੰਦ, ਸੰਤੁਲਿਤ ਖੁਰਾਕ ਖਾਓ, ਅਤੇ ਜਿੱਥੇ ਵੀ ਸੰਭਵ ਹੋਵੇ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖੋ। ਇਹ ਪੱਕਾ ਕਰੋ ਕਿ ਤੁਸੀਂ ਹਰ ਰੋਜ਼ ਚੁਸਤ-ਫੁਰਤ ਰਹਿੰਦੇ ਹੋ ਅਤੇ ਆਪਣੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿੱਚ ਆਪਣੀ ਮਦਦ ਕਰਦੇ ਹੋ – ਸੈਰ ਲਈ ਬਾਹਰ ਜਾਣਾ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਹੀ ਵਧੀਆ ਹੁੰਦਾ ਹੈ।

ਆਪਣੇ ਡਾਕਟਰ ਦੇ ਸੰਪਰਕ ਵਿੱਚ ਰਹੋ ਅਤੇ ਜੇ ਤੁਹਾਨੂੰ ਕੋਈ ਨਵੇਂ ਜਾਂ ਵਿਗੜਦੇ ਹੋਏ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਦੱਸੋ। ਜੇ ਤੁਸੀਂ ਮਾੜੇ ਪ੍ਰਭਾਵਾਂ ਤੋਂ ਪੀੜਤ ਹੋ, ਤਾਂ ਤੁਹਾਨੂੰ ਵਧੇਰੇ ਅਰਾਮਦੇਹ ਮਹਿਸੂਸ ਕਰਾਉਣ ਲਈ ਬਦਲਵੇਂ ਇਲਾਜਾਂ ਜਾਂ ਚੋਣਾਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।

ਜੇ ਤੁਸੀਂ ਬੇਚੈਨੀ, ਤਣਾਅ, ਨਿਰਾਸ਼ਾ ਜਾਂ ਡਰੇ ਹੋਏ ਮਹਿਸੂਸ ਕਰ ਰਹੇ ਹੋ, ਤਾਂ ਇਹ ਜਾਣ ਲਓ ਕਿ ਤੁਸੀਂ ਇਕੱਲੇ ਨਹੀਂ ਹੋ। ਹਾਰਟ ਫੇਲ੍ਹ ਹੋਣ ਦਾ ਪਤਾ ਲੱਗਣਾ ਵੱਡੇ ਪੱਧਰ ‘ਤੇ ਅਸ਼ਾਂਤ ਕਰਨ ਵਾਲਾ ਹੋ ਸਕਦਾ ਹੈ ਅਤੇ ਇਸ ਨੂੰ ਸਮਝ ਕੇ ਸਵੀਕਾਰ ਕਰਨ ਲਈ ਜੱਦੋਜਹਿਦ ਕਰਨਾ ਸਮਝ ਵਿੱਚ ਆਉਂਦਾ ਹੈ। ਕੋਸ਼ਿਸ਼ ਕਰੋ ਕਿ ਆਪਣੀਆਂ ਭਾਵਨਾਵਾਂ ਨੂੰ ਦਬਾਓ ਨਾ – ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜਿਸ ‘ਤੇ ਤੁਹਾਨੂੰ ਭਰੋਸਾ ਹੈ, ਜੇ ਡਾਇਰੀ ਰੱਖਣ ਨਾਲ ਮਦਦ ਮਿਲਦੀ ਹੈ ਤਾਂ ਜ਼ਰੂਰ ਰੱਖੋ, ਅਤੇ ਆਪਣੇ ਆਪ ਵਿੱਚ ਚਿੰਤਾ, ਡਰ ਅਤੇ ਪਰੇਸ਼ਾਨੀ ਬਾਰੇ ਇਮਾਨਦਾਰੀ ਲਿਆਓ। ਤੁਹਾਡੇ ਦੋਸਤਾਂ ਅਤੇ ਪਰਿਵਾਰ ਤੋਂ, ਤੁਹਾਡੀ ਮੈਡੀਕਲ ਟੀਮ ਤੋਂ, ਅਤੇ CHSS ਵਰਗੀਆਂ ਸੰਸਥਾਵਾਂ ਤੋਂ ਸਹਾਇਤਾ ਉਪਲਬਧ ਹੈ।

ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਅਤੇ ਘਰ ਵਿੱਚ ਤੰਦਰੁਸਤ ਕਿਵੇਂ ਰਹਿਣਾ ਹੈ, ਇਸ ਬਾਰੇ ਹੋਰ ਜਾਣਨ ਲਈ, ਸਾਡੀ ਮਾਨਸਿਕ ਤੰਦਰੁਸਤੀ ਬਾਰੇ ਸਲਾਹ ਪੜ੍ਹੋ।

ਹਾਰਟ ਫੇਲ੍ਹ ਹੋਣ ਦਾ ਪਤਾ ਲੱਗਣ ਤੋਂ ਬਾਅਦ ਜੀਵਨ

ਹਾਰਟ ਫੇਲ੍ਹ ਹੋਣ ਦਾ ਪਤਾ ਲੱਗਣ ਤੋਂ ਬਾਅਦ ਦਾ ਜੀਵਨ ਬਹੁਤ ਵੱਖਰਾ ਲੱਗ ਸਕਦਾ ਹੈ, ਅਤੇ ਹੋ ਸਕਦਾ ਹੈ ਕਿ ਤੁਹਾਨੂੰ ਅੱਗੇ ਦੇ ਰਾਹ ਬਾਰੇ ਚੰਗੀ ਤਰ੍ਹਾਂ ਯਕੀਨ ਨਾ ਹੋਵੇ।

ਤੁਸੀਂ ਅਜੇ ਵੀ ਅਜਿਹਾ ਜੀਵਨ ਜੀਅ ਸਕਦੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਜਿਸਦਾ ਤੁਸੀਂ ਅਨੰਦ ਮਾਣਦੇ ਹੋ – ਅਤੇ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਆਪਣੇ ਭਵਿੱਖ ਨੂੰ ਦੁਬਾਰਾ ਕਿਵੇਂ ਬਣਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਦਿਲ ਦੀ ਕਿਸੇ ਸਮੱਸਿਆ ਨਾਲ ਜੀਵਨ ਜਿਉਣ (Living with a Heart Condition) ਬਾਰੇ ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo