Skip to main content

ਬ੍ਰੌਂਕੀਐਕਟੇਸਿਸ (Bronchiectasis)

ਬ੍ਰੌਂਕੀਐਕਟੇਸਿਸ ਕੀ ਹੁੰਦਾ ਹੈ?

ਬ੍ਰੌਂਕੀਐਕਟੇਸਿਸ ਇੱਕ ਲੰਬੇ ਸਮੇਂ ਦੀ ਛਾਤੀ ਦੀ ਸਮੱਸਿਆ ਹੈ, ਜਿਸ ਵਿੱਚ ਹਵਾ ਮਾਰਗਾਂ ਦੇ ਕੁਝ ਹਿੱਸੇ ਖਰਾਬ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਸੋਜਸ਼ ਆ ਜਾਂਦੀ ਹੈ, ਜਿਸ ਨਾਲ ਉਹ ਆਮ ਨਾਲੋਂ ਵਧੇਰੇ ਚੌੜੇ ਹੋ ਜਾਂਦੇ ਹਨ। ਵਾਧੂ ਬਲਗਮ (ਗਾੜ੍ਹਾ ਤਰਲ ਜੋ ਤੁਹਾਡੇ ਹਵਾ ਮਾਰਗਾਂ ਨੂੰ ਸਿੱਲ੍ਹਾ ਰੱਖਦਾ ਹੈ) ਬਣਦੀ ਹੈ ਅਤੇ ਹਵਾ ਮਾਰਗਾਂ ਦੇ ਚੌੜੇ ਹੋਏ ਹਿੱਸਿਆਂ ਵਿੱਚ ਇਕੱਠੀ ਹੋ ਜਾਂਦੀ ਹੈ।

ਬਲਗਮ ਦੇ ਜੰਮਣ ਨਾਲ ਤੁਹਾਡੇ ਹਵਾ ਮਾਰਗਾਂ ਵਿੱਚ ਬੈਕਟੀਰੀਆ ਦਾ ਇਨਫ਼ੈਕਸ਼ਨ ਹੋ ਸਕਦਾ ਹੈ। ਬੈਕਟੀਰੀਆ ਦੇ ਇਨਫ਼ੈਕਸ਼ਨ ਕਰਕੇ ਹਵਾ ਮਾਰਗਾਂ ਵਿੱਚ ਹੋਰ ਸੋਜਸ਼ ਅਤੇ ਨੁਕਸਾਨ ਹੁੰਦਾ ਹੈ, ਅਤੇ ਇਸ ਦੇ ਨਤੀਜੇ ਵਜੋਂ ਹੋਰ ਵੀ ਬਲਗਮ ਜਮ੍ਹਾ ਹੁੰਦੀ ਹੈ। ਇਸ ਨਾਲ ਇਨਫ਼ੈਕਸ਼ਨ, ਸੋਜਸ਼ ਅਤੇ ਨੁਕਸਾਨ ਦਾ ‘ਦੁਸ਼ਟ ਚੱਕਰ’ ਬਣ ਜਾਂਦਾ ਹੈ।

ਇਸ ਚੱਕਰ ਨੂੰ ਤੋੜਨ ਅਤੇ ਹੋਰ ਨੁਕਸਾਨ ਨੂੰ ਰੋਕਣ ਵਿੱਚ ਮਦਦ ਲਈ ਬ੍ਰੌਂਕੀਐਕਟੇਸਿਸ ਦਾ ਸ਼ੁਰੂਆਤੀ ਪ੍ਰਬੰਧਨ ਅਤੇ ਇਲਾਜ ਮਹੱਤਵਪੂਰਨ ਹੁੰਦਾ ਹੈ।

ਬ੍ਰੌਂਕੀਐਕਟੇਸਿਸ ਦੇ ਕਾਰਨ

ਬ੍ਰੌਂਕੀਐਕਟੇਸਿਸ ਵਿੱਚ, ਤੁਹਾਡੇ ਹਵਾ ਮਾਰਗਾਂ ਨੂੰ ਨੁਕਸਾਨ ਅਕਸਰ ਫੇਫੜਿਆਂ ਦੇ ਕਿਸੇ ਗੰਭੀਰ ਇਨਫ਼ੈਕਸ਼ਨ ਕਾਰਨ ਹੁੰਦਾ ਹੈ, ਆਮ ਤੌਰ ‘ਤੇ ਬਚਪਨ ਵਿੱਚ ਜਾਂ ਇੱਕ ਨੌਜਵਾਨ ਬਾਲਗ ਵਜੋਂ। ਹੋਰ ਕਾਰਨਾਂ ਵਿੱਚ ਸ਼ਾਮਲ ਹਨ:

  • ਹਵਾ ਮਾਰਗਾਂ ਵਿੱਚ ਰੁਕਾਵਟ ਜਾਂ ਅੜਚਣ ਜਿਵੇਂ ਕਿ ਟਿਊਮਰ ਜਾਂ ਸਾਹ ਨਾਲ ਕਿਸੇ ਵਸਤੂ ਦਾ ਅੰਦਰ ਚਲੇ ਜਾਣਾ।
  • ਤੇਜ਼ਾਬ ਜੋ ਪੇਟ ਤੋਂ ਵਾਪਸ ਉੱਪਰ ਨੂੰ ਆਉਂਦਾ ਹੈ (ਐਸਿਡ ਰੀਫ਼ਲਕਸ) ਅਤੇ ਸਾਹ ਰਾਹੀਂ ਫੇਫੜਿਆਂ ਵਿੱਚ ਚਲਾ ਜਾਂਦਾ ਹੈ।
  • ਅਜਿਹੀਆਂ ਸਥਿਤੀਆਂ ਜੋ ਇਮਿਊਨ ਸਿਸਟਮ ਨੂੰ ਪ੍ਰਭਾਵਤ ਕਰਦੀਆਂ ਹਨ, ਜਿਸ ਨਾਲ ਤੁਸੀਂ ਇਨਫ਼ੈਕਸ਼ਨ ਅਤੇ ਬਾਅਦ ਦੇ ਨੁਕਸਾਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦੇ ਹੋ।
  • ਜੋ ਸਥਿਤੀਆਂ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਸੋਜਸ਼ ਦਾ ਕਾਰਨ ਬਣਦੀਆਂ ਹਨ, ਜਿਵੇਂ ਕਿ ਰਿਉਮੇਟਾਇਡ ਆਰਥ੍ਰਾਈਟਿਸ ਜਾਂ ਕ੍ਰੋਹਨਜ਼ ਬਿਮਾਰੀ, ਉਹਨਾਂ ਕਰਕੇ ਫੇਫੜਿਆਂ ਵਿੱਚ ਵੀ ਸੋਜਸ਼ ਹੋ ਸਕਦੀ ਹੈ।
  • ਵਿਰਾਸਤ ਵਿੱਚ ਮਿਲਣ ਵਾਲੀਆਂ ਕੁਝ ਸਥਿਤੀਆਂ ਜਿਵੇਂ ਕਿ ਸਿਸਟਿਕ ਫ਼ਾਈਬ੍ਰੋਸਿਸ।
  • ਸਿਲਿਅਰੀ ਨੁਕਸ (ਤੁਹਾਡੇ ਹਵਾ ਮਾਰਗਾਂ ਦੀ ਅੰਦਰਲੀ ਕਿਨਾਰੀ ਬਣਾਉਣ ਵਾਲੇ ਮਹੀਨ ਵਾਲਾਂ ਸਬੰਧੀ ਸਮੱਸਿਆਵਾਂ) ਜਿਵੇਂ ਕਿ ਪ੍ਰਾਇਮਰੀ ਸਿਲਿਅਰੀ ਡਿਸਕਿਨੇਜ਼ੀਆ (primary ciliary dyskinesia) ਜਾਂ ਪੀਲੇ ਨਹੁੰਆਂ ਦਾ ਸਿੰਡ੍ਰੋਮ (ਬਹੁਤ ਵਿਰਲਾ)।
  • ਐਸਪਰਗਿਲਸ (aspergillus) ਵਰਗੀ ਫ਼ੰਗਸ ਜਾਂ ਉੱਲੀ ਪ੍ਰਤੀ ਅਲਰਜੀ ਵਾਲੀ ਪ੍ਰਤਿਕਿਰਿਆ। ਇਹ ਅਕਸਰ ਉਹਨਾਂ ਲੋਕਾਂ ਵਿੱਚ ਦੇਖੀ ਜਾਂਦੀ ਹੈ ਜਿਹਨਾਂ ਨੂੰ ਦਮਾ ਵੀ ਹੁੰਦਾ ਹੈ।

ਬ੍ਰੌਂਕੀਐਕਟੇਸਿਸ ਪੀੜਤ ਲਗਭਗ ਅੱਧੇ ਲੋਕਾਂ ਵਿੱਚ, ਨੁਕਸਾਨ ਦੇ ਕਾਰਨਾਂ ਦਾ ਪਤਾ ਨਹੀਂ ਹੈ।

ਬ੍ਰੌਂਕੀਐਕਟੇਸਿਸ ਦੇ ਲੱਛਣ

ਮੁੱਖ ਲੱਛਣ ਬਲਗਮ (ਥੁੱਕ ਜਾਂ ਬਲਗਮ) ਵਾਲੀ ਖੰਘ ਅਤੇ ਛਾਤੀ ਦੇ ਵਾਰ-ਵਾਰ ਇਨਫ਼ੈਕਸ਼ਨ ਹੁੰਦੇ ਹਨ। ਹੋਰ ਲੱਛਣਾਂ ਵਿੱਚ ਸ਼ਾਮਲ ਹਨ:

  • ਥਕਾਵਟ
  • ਸਾਹ ਚੜ੍ਹਨਾ, ਖਾਸ ਕਰਕੇ ਕਸਰਤ ਕਰਦੇ ਸਮੇਂ
  • ਸਾਹ ਵਿੱਚ ਘਰੜ-ਘਰੜ
  • ਖੰਘ ਵਿੱਚ ਖੂਨ ਆਉਣਾ
  • ਜੋੜਾਂ ਦਾ ਦਰਦ ਅਤੇ ਛਾਤੀ ਵਿੱਚ ਦਰਦ

ਤੁਹਾਡੇ ਲੱਛਣ ਹਰ ਦਿਨ ਵੱਖੋ-ਵੱਖਰੇ ਹੋ ਸਕਦੇ ਹਨ ਅਤੇ ਇਹ ਤੁਹਾਡੀ ਬਿਮਾਰੀ ਦੀ ਗੰਭੀਰਤਾ ‘ਤੇ ਨਿਰਭਰ ਕਰਨਗੇ। ਇਹ ਸੰਭਾਵਨਾ ਹੈ ਕਿ ਅਜਿਹਾ ਸਮਾਂ ਵੀ ਹੋਵੇਗਾ ਜਦੋਂ ਤੁਸੀਂ ਠੀਕ ਮਹਿਸੂਸ ਕਰਦੇ ਹੋਵੋਗੇ, ਅਤੇ ਅਜਿਹਾ ਸਮਾਂ ਵੀ ਹੋਵੇਗਾ ਜਦੋਂ ਤੁਹਾਡੀ ਹਾਲਤ ਵਿਗੜ ਜਾਵੇਗੀ ਅਤੇ ਤੁਹਾਡੇ ਲੱਛਣ ਵੀ ਵੱਧ ਜਾਣਗੇ। ਲੱਛਣਾਂ ਵਿੱਚ ਇਸ ਵਾਧੇ ਨੂੰ ਤੀਬਰਤਾ ਵਜੋਂ ਜਾਣਿਆ ਜਾਂਦਾ ਹੈ।

ਤੀਬਰਤਾ ਦਾ ਕੀ ਮਤਲਬ ਹੁੰਦਾ ਹੈ?

ਕਈ ਵਾਰ ਤੁਸੀਂ ਸ਼ਾਇਦ ਆਪਣੇ ਲੱਛਣਾਂ ਨੂੰ ਕੁਝ ਕੁ ਦਿਨਾਂ ਵਿੱਚ ਵਿਗੜਦੇ ਹੋਏ ਦੇਖ ਸਕਦੇ ਹੋ। ਇਸ ਨੂੰ ਅਕਸਰ ਲੱਛਣਾਂ ਦਾ ਭੜਕਣਾ ਜਾਂ ਤੀਬਰ ਹੋਣਾ ਕਿਹਾ ਜਾਂਦਾ ਹੈ ਅਤੇ ਇਹ ਆਮ ਤੌਰ ‘ਤੇ ਛਾਤੀ ਦੇ ਕਿਸੇ ਇਨਫ਼ੈਕਸ਼ਨ ਕਾਰਨ ਹੁੰਦਾ ਹੈ। ਇਹ ਮਹੱਤਵਪੂਰਨ ਹੈ ਕਿ ਛਾਤੀ ਦੇ ਇਨਫ਼ੈਕਸ਼ਨ ਦਾ ਜਿੰਨੀ ਛੇਤੀ ਹੋ ਸਕੇ ਇਲਾਜ ਕੀਤਾ ਜਾਵੇ ਤਾਂ ਜੋ ਤੁਹਾਡੇ ਹਵਾ ਮਾਰਗਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਜੇ ਤੁਹਾਨੂੰ ਹੇਠਾਂ ਦਿੱਤੀਆਂ ਵਿੱਚੋਂ ਕੋਈ ਵੀ ਤਬਦੀਲੀ ਦਿਖਾਈ ਦਿੰਦੀ ਹੈ ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਜੀਪੀ ਨਾਲ ਸੰਪਰਕ ਕਰੋ:

  • ਵਧੀ ਹੋਈ ਖੰਘ
  • ਸਾਹ ਚੜ੍ਹਨ ਦੀ ਸਮੱਸਿਆ ਵਿੱਚ ਵਾਧਾ
  • ਆਮ ਤੌਰ ‘ਤੇ ਬਿਮਾਰ ਮਹਿਸੂਸ ਕਰਨਾ
  • ਬੁਖਾਰ, ਪੀੜਾਂ, ਅਤੇ ਦਰਦਾਂ
  • ਥਕਾਵਟ ਅਤੇ ਸੁਸਤੀ ਦਾ ਵਧਣਾ
  • ਥੁੱਕ ਦਾ ਰੰਗ ਗੂੜ੍ਹੇ ਹਰੇ ਵਿੱਚ ਬਦਲਣਾ
  • ਤੁਹਾਡੀ ਥੁੱਕ ਦੀ ਮਾਤਰਾ ਜਾਂ ਸੰਘਣੇਪਣ ਵਿੱਚ ਵਾਧਾ
  • ਤੁਹਾਡੀ ਥੁੱਕ ਵਿੱਚ ਖੂਨ

ਬ੍ਰੌਂਕੀਐਕਟੇਸਿਸ ਦੇ ਡਾਇਗਨੋਸਿਸ ਤੋਂ ਬਾਅਦ ਜੀਵਨ

ਬ੍ਰੌਂਕੀਐਕਟੇਸਿਸ ਦੇ ਲੱਛਣਾਂ ਅਤੇ ਡਾਇਗਨੋਸਿਸ ਦਾ ਮਤਲਬ ਤੁਹਾਡੇ ਜੀਵਨ ਵਿੱਚ ਅਜਿਹੀਆਂ ਤਬਦੀਲੀਆਂ ਕਰਨਾ ਹੋ ਸਕਦਾ ਹੈ ਜੋ ਸ਼ਾਇਦ ਪਰੇਸ਼ਾਨ ਜਾਂ ਨਿਰਾਸ਼ ਕਰਨ ਵਾਲੀਆਂ ਹੋ ਸਕਦੀਆਂ ਹਨ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਸੀਂ ਅਜਿਹੇ ਕੁਝ ਕੰਮ ਨਹੀਂ ਕਰ ਸਕਦੇ ਹੋ ਜੋ ਤੁਹਾਨੂੰ ਪਹਿਲਾਂ ਕਰਨੇ ਪਸੰਦ ਸੀ।

ਜਿੰਨਾ ਹੋ ਸਕੇ ਖੁਦ ਦੀ ਦੇਖਭਾਲ ਕਰਨਾ ਮਹੱਤਵਪੂਰਨ ਹੈ। ਇਸ ਦਾ ਮਤਲਬ ਹੈ: ਚੰਗਾ ਖਾਣਾ, ਹਾਈਡ੍ਰੇਟਿਡ ਰਹਿਣਾ, ਆਪਣੀਆਂ ਸੀਮਾਵਾਂ ਦੇ ਅੰਦਰ ਕਸਰਤ ਕਰਨਾ, ਅਤੇ ਜਦੋਂ ਤੁਹਾਨੂੰ ਲੋੜ ਹੋਵੇ ਤਾਂ ਖੁਦ ਨੂੰ ਅਰਾਮ ਕਰਨ ਦੇਣਾ।

ਜੇ ਤੁਸੀਂ ਮਾਨਸਿਕ ਬੋਝ ਦਾ ਮੁਕਾਬਲਾ ਕਰਨ ਲਈ ਜੱਦੋਜਹਿਦ ਕਰ ਰਹੇ ਹੋ, ਤਾਂ ਮਦਦ ਤੁਹਾਡੇ ਲਈ ਉਪਲਬਧ ਹੈ। ਆਪਣੇ ਅਜ਼ੀਜ਼ਾਂ ਨਾਲ ਗੱਲ ਕਰੋ, ਅਤੇ ਯਾਦ ਰੱਖੋ ਕਿ ਉਹ ਮਦਦ ਕਰਨਾ ਚਾਹੁੰਦੇ ਹਨ। ਆਪਣੇ ਦੇਖਭਾਲ ਪ੍ਰਦਾਤਾ ਜਾਂ ਜੀਪੀ ਨਾਲ ਵੀ ਸੰਪਰਕ ਵਿੱਚ ਰਹੋ, ਕਿਉਂਕਿ ਉਹ ਤੁਹਾਡੀ ਸਥਿਤੀ ਨਾਲ ਨਜਿੱਠਣ ਅਤੇ ਉਸ ਨੂੰ ਕੰਟ੍ਰੋਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਜੇ ਤੁਹਾਨੂੰ ਸਹਿਯੋਗੀ ਗਰੁੱਪਾਂ, ਬ੍ਰੌਂਕੀਐਕਟੇਸਿਸ ਬਾਰੇ ਜਾਣਕਾਰੀ ਜਾਂ ਇੱਥੋਂ ਤਕ ਕਿ ਸਿਰਫ਼ ਤੁਹਾਡੀ ਗੱਲ ਸੁਣਨ ਵਿੱਚ ਸਿਖਲਾਈ ਪ੍ਰਾਪਤ ਕਿਸੇ ਵਿਅਕਤੀ ਦੀ ਲੋੜ ਹੈ ਤਾਂ ਸਾਡੀ ਐਡਵਾਈਸ ਲਾਈਨ ਨੂੰ 0808 801 0899 ‘ਤੇ ਮੁਫ਼ਤ ਵਿੱਚ ਕਾਲ ਕਰੋ ਜਾਂ 66777 ‘ਤੇ NURSE ਟੈਕਸਟ ਭੇਜੋ। ਅਸੀਂ ਇੱਥੇ ਤੁਹਾਨੂੰ ਸਹਿਯੋਗ ਦੇਣ ਅਤੇ ਅਜਿਹਾ ਜੀਵਨ ਬਣਾਉਣ ਵਿੱਚ ਤੁਹਾਡੀ ਮਦਦ ਲਈ ਮੌਜੂਦ ਹਾਂ ਜਿਸ ਦੀ ਤੁਸੀਂ ਉਮੀਦ ਕਰਦੇ ਹੋ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਛਾਤੀ ਦੀਆਂ ਅੱਗੇ ਹੋਰ ਸਮੱਸਿਆਵਾਂ ਹੋਣ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਛਾਤੀ ਦੀ ਸਮੱਸਿਆ ਨਾਲ ਜੀਵਨ ਜਿਉਣਾ (Living with a Chest Condition) ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo