Skip to main content

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ?

ਹਾਈ ਬਲੱਡ ਪ੍ਰੈਸ਼ਰ (ਜਿਸ ਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ) ਉਦੋਂ ਹੁੰਦਾ ਹੈ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਲਗਾਤਾਰ ਉਸ ਪੱਧਰ ਤੋਂ ਵੱਧ ਰਹਿੰਦਾ ਹੈ ਜਿੰਨਾ ਹੋਣਾ ਚਾਹੀਦਾ ਹੈ।

ਹਾਈ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਹੈ, ਪਰ ਇਸ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਜੋਖਮ ਵੱਧ ਸਕਦਾ ਹੈ।

ਸਮੇਂ ਦੇ ਨਾਲ, ਹਾਈ ਬਲੱਡ ਪ੍ਰੈਸ਼ਰ ਹੌਲੀ-ਹੌਲੀ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹਨਾਂ ਨੂੰ ਹੋਰ ਤੰਗ ਅਤੇ ਸਖਤ ਬਣਾ ਦਿੰਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਤੁਹਾਡੇ ਦਿਲ ਨੂੰ ਤੁਹਾਡੀਆਂ ਖੂਨ ਦੀਆਂ ਨਾੜੀਆਂ ਰਾਹੀਂ ਖੂਨ ਨੂੰ ਧੱਕਣ ਵਾਸਤੇ ਵਧੇਰੇ ਸਖਤ ਮਿਹਨਤ ਕਰਨੀ ਪੈਂਦੀ ਹੈ। ਤੰਗ, ਸਖਤ ਖੂਨ ਦੀਆਂ ਨਾੜੀਆਂ ਦੇ ਖੂਨ ਦੇ ਥੱਕੇ ਜਾਂ ਚਰਬੀ ਯੁਕਤ ਪਦਾਰਥ ਦੇ ਜਮਾਅ (ਐਥੇਰੋਮਾ) ਦੁਆਰਾ ਬਲਾਕ ਹੋ ਜਾਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਲੱਛਣ ਕੀ ਹੁੰਦੇ ਹਨ?

ਹਾਈ ਬਲੱਡ ਪ੍ਰੈਸ਼ਰ ਦਾ ਪਤਾ ਲਗਾਉਣਾ ਅਕਸਰ ਬਹੁਤ ਮੁਸ਼ਕਲ ਹੁੰਦਾ ਹੈ, ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਸਦੇ ਕੋਈ ਲੱਛਣ ਨਾ ਹੋਣ। ਹਾਲਾਂਕਿ, ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਦਿਖਾਈ ਦੇਣ ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ:

  • ਧੁੰਦਲੀ ਨਜ਼ਰ
  • ਨਕਸੀਰ ਵਗਣਾ
  • ਸਾਹ ਲੈਣ ਵਿੱਚ ਮੁਸ਼ਕਲ
  • ਛਾਤੀ ਵਿੱਚ ਦਰਦ
  • ਚੱਕਰ ਆਉਣੇ
  • ਸਿਰਦਰਦ

ਜੇ ਤੁਹਾਨੂੰ ਪਹਿਲਾਂ ਤੋਂ ਮੌਜੂਦ ਦਿਲ ਦੀ ਕੋਈ ਸਮੱਸਿਆ ਹੈ, ਤਾਂ ਇਹ ਅਤਿਅੰਤ ਜ਼ਰੂਰੀ ਹੈ ਕਿ ਤੁਹਾਡੇ ਬਲੱਡ ਪ੍ਰੈਸ਼ਰ ਵਿੱਚ ਤਬਦੀਲੀਆਂ ਜਾਂ ਤੁਹਾਡੇ ਕੋਈ ਵੀ ਲੱਛਣਾਂ ਬਾਰੇ ਤੁਹਾਡੇ ਡਾਕਟਰ ਨੂੰ ਦੱਸਿਆ ਜਾਵੇ।

ਬਲੱਡ ਪ੍ਰੈਸ਼ਰ ਨੂੰ ਕਿਵੇਂ ਜਾਂਚਿਆ ਜਾਂਦਾ ਹੈ?

ਬਲੱਡ ਪ੍ਰੈਸ਼ਰ ਪਾਰੇ ਦੇ ਮਿਲੀਮੀਟਰਾਂ (mmHg) ਵਿੱਚ ਮਾਪਿਆ ਜਾਂਦਾ ਹੈ ਅਤੇ ਇਸ ਵਿੱਚ ਦੋ ਰੀਡਿੰਗਾਂ ਸ਼ਾਮਲ ਹੁੰਦੀਆਂ ਹਨ:

  • ਸਿਸਟੋਲਿਕ ਦਬਾਅ (ਉੱਤੇ ਵਾਲੀ ਰੀਡਿੰਗ): ਇਹ ਉਹ ਦਬਾਅ ਹੁੰਦਾ ਹੈ ਜਦੋਂ ਤੁਹਾਡਾ ਦਿਲ ਸੁੰਗੜਦਾ ਹੈ, ਖੂਨ ਨੂੰ ਖੂਨ ਦੀਆਂ ਨਾੜੀਆਂ ਵਿੱਚ ਧੱਕਦਾ ਹੈ।
  • ਡਾਇਸਟੋਲਿਕ ਦਬਾਅ (ਹੇਠਾਂ ਵਾਲੀ ਰੀਡਿੰਗ): ਇਹ ਉਹ ਦਬਾਅ ਹੁੰਦਾ ਹੈ ਜਦੋਂ ਦਿਲ ਦੁਬਾਰਾ ਖੂਨ ਨਾਲ ਭਰ ਜਾਂਦਾ ਹੈ

ਇਹਨਾਂ ਰੀਡਿੰਗਾਂ ਨੂੰ ਅੰਸ਼ (fraction) ਦੇ ਰੂਪ ਵਿੱਚ, ਭਾਵ ਡਾਇਸਟੋਲਿਕ ਦਬਾਅ ਬਟਾ ਸਿਸਟੋਲਿਕ ਦਬਾਅ ਦੇ ਨਾਲ – ਉਦਾਹਰਣ ਲਈ, 120 / 70mmHg ਵਜੋਂ ਰਿਕਾਰਡ ਕੀਤਾ ਜਾਂਦਾ ਹੈ।

ਬਹੁਤੇ ਡਾਕਟਰ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਬਲੱਡ ਪ੍ਰੈਸ਼ਰ ਦਾ “ਨਾਰਮਲ” ਪੱਧਰ 120/70mmHg ਹੁੰਦਾ ਹੈ, ਪਰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਸਿਰਫ਼ 140/90mmHg ਤੋਂ ਵੱਧ ਜਾਣ ‘ਤੇ ਕਾਫ਼ੀ ਵੱਧ ਜਾਂਦਾ ਹੈ।

ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਆਮ ਤੌਰ ‘ਤੇ ਦਵਾਈਆਂ ਨਾਲ ਇਲਾਜ ਅਤੇ ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਦੇ ਸੁਮੇਲ ਰਾਹੀਂ ਕੀਤਾ ਜਾਂਦਾ ਹੈ। ਤੁਹਾਡੇ ਲਈ ਕਿਹੜੀ ਦਵਾਈ ਸਭ ਤੋਂ ਵਧੀਆ ਹੈ, ਇਹ ਤੁਹਾਡੀ ਉਮਰ ਅਤੇ ਸਮੁੱਚੀ ਸਿਹਤ ‘ਤੇ ਨਿਰਭਰ ਕਰੇਗਾ, ਪਰ ਤੁਹਾਨੂੰ ਭਾਵੇਂ ਜੋ ਵੀ ਦਵਾਈ ਲਿਖ ਕੇ ਦਿੱਤੀ ਗਈ ਹੋਵੇ, ਮਕਸਦ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਜਿੰਨਾ ਸੰਭਵ ਹੋ ਸਕੇ ਟੀਚੇ ਦੇ ਨੇੜੇ ਲਿਆਉਣਾ ਹੁੰਦਾ ਹੈ।

ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਕਰਨ ਨਾਲ ਤੁਹਾਡੇ ਬਲੱਡ ਪ੍ਰੈਸ਼ਰ ਵਿੱਚ ਵੀ ਸੁਧਾਰ ਆ ਸਕਦਾ ਹੈ। ਖਾਸ ਤੌਰ ‘ਤੇ: ਤਮਾਕੂਨੋਸ਼ੀ ਬੰਦ ਕਰਨਾ, ਸਿਹਤਮੰਦ ਭਾਰ ਬਣਾਈ ਰੱਖਣ, ਚੁਸਤ-ਫੁਰਤ ਰਹਿਣ, ਆਪਣੇ ਅਲਕੋਹਲ ਦੇ ਸੇਵਨ ਨੂੰ ਘੱਟ ਰੱਖਣ, ਅਤੇ ਨਮਕ ਦੇ ਸੇਵਨ ਨੂੰ ਘਟਾਉਣ ਨਾਲ ਬੜਾ ਫ਼ਰਕ ਪੈ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ਵਿੱਚ ਸੁਧਾਰ ਲਿਆਉਣ ਲਈ ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਕਰਨਾ

ਤੁਹਾਡੇ ਹਾਈ ਬਲੱਡ ਪ੍ਰੈਸ਼ਰ ਦਾ ਪ੍ਰਬੰਧਨ ਕਰਨਾ ਇੱਕ ਵੱਡੀ ਚੁਣੌਤੀ ਵਰਗਾ ਮਹਿਸੂਸ ਹੋ ਸਕਦਾ ਹੈ, ਪਰ ਸਮੇਂ ਦੇ ਨਾਲ ਤੁਹਾਡੇ ਰਹਿਣ-ਸਹਿਣ ਦੇ ਢੰਗ ਅਤੇ ਆਦਤਾਂ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਨਾਲ ਵੱਡੇ-ਵੱਡੇ ਸੁਧਾਰ ਹੁੰਦੇ ਹਨ।

ਜੇ ਤੁਸੀਂ ਤਮਾਕੂਨੋਸ਼ੀ ਕਰਦੇ ਹੋ, ਤਾਂ ਤੁਸੀਂ ਆਪਣੇ ਦਿਲ ਦੀ ਸਿਹਤ ਲਈ ਜੋ ਕਰ ਸਕਦੇ ਹੋ, ਉਸ ਵਿੱਚੋਂ ਸਭ ਤੋਂ ਵਧੀਆ ਹੈ ਤਮਾਕੂਨੋਸ਼ੀ ਛੱਡਣਾ। ਤੁਹਾਡੇ ਅਤੇ ਤੁਹਾਡੇ ਅਜ਼ੀਜ਼ਾਂ ਲਈ ਅਜਿਹੇ ਬਹੁਤ ਸਾਰੇ ਤਰੀਕੇ ਹਨ ਜੋ ਤਮਾਕੂਨੋਸ਼ੀ ਛੱਡਣ ਵਿੱਚ ਮਦਦ ਕਰ ਸਕਦੇ ਹਨ।

ਰੋਜ਼ ਕਸਰਤ ਕਰਨ ਦੀ ਆਦਤ ਪਾਉਣ ਨਾਲ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ, ਨਾਲ ਹੀ ਇਹ ਆਮ ਤੌਰ ‘ਤੇ ਮਾਨਸਿਕ ਅਤੇ ਸਰੀਰਕ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਹੈ। ਭਾਵੇਂ ਇਹ ਰੋਜ਼ ਦੀ ਸੈਰ ਹੋਵੇ, ਯੋਗਾ ਹੋਵੇ ਜਾਂ ਸਵਿਮਿੰਗ, ਦਿਨ ਵਿਚ ਸਿਰਫ਼ 30 ਮਿੰਟ ਵੀ ਫ਼ਾਇਦੇਮੰਦ ਹੋਣਗੇ ਅਤੇ ਤੁਸੀਂ ਇਸ ਨੂੰ ਜਿੰਨਾ ਜ਼ਿਆਦਾ ਕਰੋਗੇ, ਸਮੇਂ ਦੇ ਨਾਲ ਇਹ ਓਨੀ ਹੀ ਜ਼ਿਆਦਾ ਅਸਾਨ ਹੁੰਦੀ ਜਾਵੇਗੀ। ਭਾਵੇਂ ਤੁਸੀਂ ਇਹਨਾਂ ਗਤੀਵਿਧੀਆਂ ਨੂੰ ਕਰਨ ਲਈ ਜੱਦੋਜਹਿਦ ਕਰਦੇ ਹੋ, ਫਿਰ ਵੀ ਕਸਰਤ ਦੇ ਵਧੇਰੇ ਸਰਲ ਰੂਪ ਅਕਸਰ ਉਪਲਬਧ ਹੁੰਦੇ ਹਨ।

ਘਰ ਵਿੱਚ ਪਕਾਏ ਗਏ ਖਾਣਿਆਂ ਵਿੱਚ, ਬਣੇ-ਬਣਾਏ ਖਾਣਿਆਂ ਅਤੇ ਟੇਕਅਵੇਜ਼ ਨਾਲੋਂ ਬਹੁਤ ਘੱਟ ਨਮਕ ਹੁੰਦਾ ਹੈ। ਜੇ ਤੁਹਾਡਾ ਝੁਕਾਅ ਟੇਕਅਵੇ ਮੀਨੂ ਲੈਣ ਵੱਲ ਹੁੰਦਾ ਹੈ, ਤਾਂ ਸਮੇਂ ਦੇ ਨਾਲ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਅਤੇ ਘਰ ਦੇ ਖਾਣੇ ਪਕਾਉਣ ਦੀ ਆਦਤ ਪਾਓ, ਭਾਵੇਂ ਉਹ ਸਾਦੇ ਹੀ ਕਿਉਂ ਨਾ ਹੋਣ।

ਅਲਕੋਹਲ ਸਿਰਫ਼ ਸੰਜਮ ਵਿੱਚ ਹੀ ਪੀਓ ਅਤੇ ਜਦੋਂ ਤੁਸੀਂ ਪੀ ਰਹੇ ਹੋਵੋ ਤਾਂ ਹਾਈਡ੍ਰੇਟਿਡ ਰਹੋ। ਆਮ ਤੌਰ ‘ਤੇ, ਹਰ ਰੋਜ਼ ਬਹੁਤ ਸਾਰਾ ਪਾਣੀ ਪੀਣ ਦੀ ਕੋਸ਼ਿਸ਼ ਕਰੋ।

ਅਸੀਂ ਮਦਦ ਲਈ ਇੱਥੇ ਮੌਜੂਦ ਹਾਂ

ਇਸ ਬਾਰੇ ਫ਼ਿਕਰ ਹੈ ਕਿ ਆਪਣੀ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ ਜਾਂ ਕਿਸੇ ਅਜ਼ੀਜ਼ ਦੀ ਤੰਦਰੁਸਤੀ ਬਾਰੇ ਫ਼ਿਕਰ ਹੋ ਰਹੀ ਹੈ?
ਹਾਈ ਬਲੱਡ ਪ੍ਰੈਸ਼ਰ ਬਾਰੇ ਤੁਹਾਡੇ ਕੋਈ ਵੀ ਸਵਾਲਾਂ ਜਾਂ ਚਿੰਤਾਵਾਂ ਦੇ ਜਵਾਬ ਦੇਣ ਲਈ ਸਾਡੀਆਂ ਐਡਵਾਈਸ ਲਾਈਨ ਨਰਸਾਂ ਇੱਥੇ ਮੌਜੂਦ ਹਨ। ਮੁਫ਼ਤ, ਗੁਪਤ ਸਲਾਹ ਅਤੇ ਸਹਿਯੋਗ ਲਈ 0808 801 0899 ‘ਤੇ ਕਾਲ ਕਰੋ।

ਹਾਈ ਬਲੱਡ ਪ੍ਰੈਸ਼ਰ ਦਾ ਪਤਾ ਲੱਗਣ ਤੋਂ ਬਾਅਦ ਜੀਵਨ

ਹਾਈ ਬਲੱਡ ਪ੍ਰੈਸ਼ਰ ਦਾ ਪਤਾ ਲੱਗਣ ਦਾ ਮਤਲਬ ਅਕਸਰ ਇਹ ਹੁੰਦਾ ਹੈ ਕਿ ਤੁਹਾਨੂੰ ਆਪਣੇ ਰਹਿਣ-ਸਹਿਣ ਦੇ ਢੰਗ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੁੰਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਹ ਬੁਰੀ ਗੱਲ ਹੋਵੇ।

ਤੁਸੀਂ ਅਜੇ ਵੀ ਵਧੇਰੇ ਲੰਬੇ ਸਮੇਂ ਲਈ ਅਜਿਹਾ ਜੀਵਨ ਜੀਅ ਸਕਦੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਅਤੇ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਭਵਿੱਖ ਵਿੱਚ ਦਿਲ ਦੀਆਂ ਸਮੱਸਿਆਵਾਂ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਦਿਲ ਦੀ ਸਮੱਸਿਆ ਨਾਲ ਜੀਵਨ ਜਿਉਣ (Living with a Heart Condition) ਬਾਰੇ ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo