Skip to main content

ਸੰਤੁਲਨ ਸਬੰਧੀ ਮੁਸ਼ਕਲਾਂ

ਸੰਤੁਲਨ ਸਬੰਧੀ ਮੁਸ਼ਕਲਾਂ

ਹੋਰਨਾਂ ਸਥਿਤੀਆਂ ਕਰਕੇ ਵੀ ਤੁਹਾਡੇ ਸੰਤੁਲਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ – ਉਦਾਹਰਣ ਲਈ, ਬਲੱਡ ਪ੍ਰੈਸ਼ਰ ਜਾਂ ਬਲੱਡ ਸ਼ੂਗਰ ਦਾ ਘੱਟ ਹੋਣਾ, ਤੁਹਾਡੇ ਕੰਨਾਂ ਵਿੱਚ ਸਮੱਸਿਆਵਾਂ, ਜਾਂ ਤੁਹਾਡੇ ਨਰਵਸ ਸਿਸਟਮ ਵਿੱਚ ਸਮੱਸਿਆਵਾਂ।

ਕਿਹੜੀਆਂ ਸਮੱਸਿਆਵਾਂ ਸੰਤੁਲਨ ਨਾਲ ਜੁੜੀਆਂ ਹੁੰਦੀਆਂ ਹਨ?

ਤੁਹਾਡਾ ਸੰਤੁਲਨ ਇਹਨਾਂ ਕਰਕੇ ਪ੍ਰਭਾਵਤ ਹੋ ਸਕਦਾ ਹੈ:

 • ਤੁਹਾਡੀ ਨਜ਼ਰ ਵਿੱਚ ਤਬਦੀਲੀਆਂ
 • ਤੁਹਾਡੇ ਅੰਦਰੂਨੀ ਕੰਨ ਨੂੰ ਨੁਕਸਾਨ
 • ਦਿਮਾਗ ਦੇ ਉਸ ਹਿੱਸੇ ਨੂੰ ਨੁਕਸਾਨ ਜੋ ਸੰਤੁਲਨ ਅਤੇ ਸਥਿਤੀ ਨੂੰ ਨਿਯੰਤ੍ਰਤ ਕਰਦਾ ਹੈ
 • ਘੱਟ ਬਲੱਡ ਪ੍ਰੈਸ਼ਰ ਜਾਂ ਖੂਨ ਦਾ ਮਾੜਾ ਸੰਚਾਰ
 • ਖੂਨ ਵਿੱਚ ਲੋੜੀਂਦੀ ਆਕਸੀਜਨ ਦਾ ਨਾ ਹੋਣਾ (ਜੋ ਦਿਲ ਦੀਆਂ ਜਾਂ ਸਾਹ ਲੈਣ ਸਬੰਧੀ ਸਮੱਸਿਆਵਾਂ ਕਰਕੇ ਹੋ ਸਕਦਾ ਹੈ)

ਨਤੀਜੇ ਵਜੋਂ ਇਹ ਸਮੱਸਿਆਵਾਂ ਹੋ ਸਕਦੀਆਂ ਹਨ:

 • ਚੱਕਰ ਆਉਣੇ
 • ਧੁੰਦਲੀ ਨਜ਼ਰ
 • ਬੇਹੋਸ਼ ਹੋਣਾ ਜਾਂ ਬੇਹੋਸ਼ੀ ਮਹਿਸੂਸ ਕਰਨਾ
 • ਉਲਟੀ ਆਉਣਾ ਅਤੇ ਕਚਿਆਣ
 • ਵਰਟਿਗੋ (ਇੰਝ ਮਹਿਸੂਸ ਹੋਣਾ ਕਿ ਦੁਨੀਆ ਤੁਹਾਡੇ ਆਲੇ-ਦੁਆਲੇ ਘੁੰਮ ਰਹੀ ਹੈ)
 • ਡਿੱਗਣਾ ਜਾਂ ਲੜਖੜਾਉਣਾ
 • ਉਲਝਣ ਜਾਂ ਦਿਸ਼ਾ ਭਰਮ
 • ਖੜ੍ਹੇ ਹੋਣ, ਤੁਰਨ ਜਾਂ ਕੁਝ ਕਸਰਤਾਂ ਕਰਨ ਵਿੱਚ ਮੁਸ਼ਕਲ

ਸੰਤੁਲਨ ਸਬੰਧੀ ਸਮੱਸਿਆਵਾਂ ਨੂੰ ਅਕਸਰ ਬੈਠ ਜਾਂ ਲੇਟ ਕੇ ਸੁਧਾਰਿਆ ਜਾ ਸਕਦਾ ਹੈ। ਜਿਉਂ-ਜਿਉਂ ਤੁਹਾਡਾ ਸਰੀਰ ਨਵੀਂ ਸਥਿਤੀ ਨਾਲ ਤਾਲਮੇਲ ਬਿਠਾਉਂਦਾ ਹੈ, ਇਹ ਸਮੱਸਿਆਵਾਂ ਸਮੇਂ ਦੇ ਨਾਲ ਬਿਹਤਰ ਵੀ ਹੋ ਸਕਦੀਆਂ ਹਨ।

ਖਰਾਬ ਸੰਤੁਲਨ ਤੁਰਨ, ਕਸਰਤ ਕਰਨ ਅਤੇ ਰੋਜ਼ਮਰ੍ਹਾ ਦੇ ਕੁਝ ਕੰਮਾਂ ਵਿੱਚ ਸਮੱਸਿਆਵਾਂ ਖੜ੍ਹੀਆਂ ਕਰ ਸਕਦਾ ਹੈ। ਹੋ ਸਕਦਾ ਹੈ ਕਿ ਇਸ ਨਾਲ ਤੁਹਾਡੇ ਡਿੱਗਣ ਅਤੇ ਖੁਦ ਨੂੰ ਸੱਟ ਲੱਗਣ ਦਾ ਖਤਰਾ ਵੱਧ ਜਾਵੇ। ਹਾਲਾਂਕਿ, ਤੁਸੀਂ ਅਜਿਹੀਆਂ ਕਸਰਤਾਂ ਅਤੇ ਹੁਨਰ ਸਿੱਖ ਸਕਦੇ ਹੋ ਜੋ ਤੁਹਾਡਾ ਸੰਤੁਲਨ ਬਣਾਈ ਰੱਖਣ ਅਤੇ ਡਿੱਗਣ ਦੇ ਜੋਖਮ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਤੁਸੀਂ ਸ਼ਾਇਦ ਸੰਤੁਲਨ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਨੂੰ ਘਟਾਉਣ ਵਾਸਤੇ ਗਤੀਵਿਧੀਆਂ ਕਰਨ ਦੇ ਤਰੀਕੇ ਵਿੱਚ ਫੇਰ-ਬਦਲ ਕਰ ਸਕਦੇ ਹੋ – ਉਦਾਹਰਣ ਲਈ, ਖੜ੍ਹ ਕੇ ਕਰਨ ਦੀ ਬਜਾਏ ਬੈਠਣ ਵਾਲੀਆਂ ਕਸਰਤਾਂ ਕਰਕੇ, ਜਾਂ ਗਤੀਵਿਧੀਆਂ ਕਰਨ ਸਮੇਂ ਸਹਾਇਤਾ ਪ੍ਰਾਪਤ ਕਰਕੇ।

PoTS (ਪੋਸਚਰਲ ਟੈਕੀਕਾਰਡੀਆ ਸਿੰਡ੍ਰੋਮ)

ਪੋਸਚਰਲ ਟੈਕੀਕਾਰਡੀਆ ਸਿੰਡ੍ਰੋਮ (PoTS – Postural Tachycardia Syndrome) ਸੰਤੁਲਨ ਅਤੇ ਪੋਸਚਰ ਸਬੰਧੀ ਇੱਕ ਵਿਕਾਰ ਹੈ ਜੋ ਨਰਵਸ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਕਰਕੇ ਹੁੰਦਾ ਹੈ। PoTS ਵਿੱਚ, ਆਟੋਨੋਮਿਕ ਨਰਵਸ ਸਿਸਟਮ (ਤੁਹਾਡੇ ਨਰਵਸ ਸਿਸਟਮ ਦਾ ਉਹ ਹਿੱਸਾ ਜੋ ਅਚੇਤ ਹਰਕਤਾਂ ਅਤੇ ਤੁਹਾਡੇ ਸਰੀਰ ਦੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ) ਨੂੰ ਨੁਕਸਾਨ ਪਹੁੰਚਣ ਕਰਕੇ ਤੁਹਾਡੇ ਖੂਨ ਦੇ ਸੰਚਾਰ (ਸਰਕੁਲੇਸ਼ਨ) ਉੱਪਰ ਅਸਰ ਪੈਂਦਾ ਹੈ, ਮਤਲਬ ਇਹ ਕਿ ਜਦੋਂ ਤੁਸੀਂ ਅਚਾਨਕ ਖੜ੍ਹੇ ਹੁੰਦੇ ਹੋ ਜਾਂ ਆਪਣੀ ਸਥਿਤੀ ਬਦਲਦੇ ਹੋ ਤਾਂ ਖੂਨ ਸਰੀਰ ਦੇ ਹੇਠਲੇ ਅੱਧ ਵਿੱਚ ਇਕੱਠਾ ਹੋ ਜਾਂਦਾ ਹੈ।

ਮਤਲਬ ਇਹ ਕਿ ਸਿਰ ਅਤੇ ਛਾਤੀ ਵਿੱਚ ਖੂਨ ਨੂੰ ਵਾਪਸ ਧੱਕਣ ਲਈ ਦਿਲ ਨੂੰ ਹੋਰ ਤੇਜ਼ ਧੜਕਣਾ ਪੈਂਦਾ ਹੈ। ਹੋ ਸਕਦਾ ਹੈ ਕਿ ਇਸਦਾ ਮਤਲਬ ਇਹ ਵੀ ਹੋਵੇ ਕਿ, ਥੋੜ੍ਹੇ ਸਮੇਂ ਲਈ, ਤੁਹਾਡੇ ਦਿਮਾਗ ਨੂੰ ਖੂਨ ਦਾ ਲੋੜੀਂਦਾ ਵਹਾਅ ਪ੍ਰਾਪਤ ਕਰਨ ਲਈ ਜੱਦੋਜਹਿਦ ਕਰਨੀ ਪਵੇ।

PoTS ਦੇ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦੋਂ ਤੁਸੀਂ ਅਚਾਨਕ ਝਟਕੇ ਨਾਲ ਖੜ੍ਹੇ ਹੁੰਦੇ ਜਾਂ ਬੈਠਦੇ ਹੋ, ਅਤੇ ਇਹਨਾਂ ਵਿੱਚ ਇਹ ਸ਼ਾਮਲ ਹੁੰਦੇ ਹਨ:

 • ਚੱਕਰ ਆਉਣੇ
 • ਧੁੰਦਲੀ ਨਜ਼ਰ
 • ਦਿਲ ਦੀ ਬਹੁਤ ਤੇਜ਼ ਧੜਕਣ, ਜਾਂ ਤੁਹਾਡਾ ਦਿਲ ਤੁਹਾਡੀ ਛਾਤੀ ਵਿੱਚ “ਦੌੜ ਲਗਾ ਰਿਹਾ” ਹੁੰਦਾ ਹੈ
 • ਕਚਿਆਣ ਜਾਂ ਉਲਟੀ ਆਉਣਾ
 • ਬੇਹੋਸ਼ ਹੋਣਾ
 • ਥਕਾਵਟ, ਥਕੇਵਾਂ, ਅਤੇ ਕਸਰਤ ਸਹਿਣ ਨਾ ਕਰ ਸਕਣਾ

PoTS ਆਮ ਤੌਰ ‘ਤੇ ME/CFS, ਲੰਬੇ ਕੋਵਿਡ, ਲਿਉਪਸ, ਸਟ੍ਰੋਕ, ਜਾਂ ਦਿਮਾਗੀ ਸੱਟ ਵਰਗੀਆਂ ਨਿਊਰੋਲੌਜਿਕਲ (ਨਸਾਂ ਸਬੰਧੀ) ਅਤੇ ਇਮਿਊਨੋਲੌਜਿਕਲ (ਇਮਿਊਨ ਸਿਸਟਮ ਸਬੰਧੀ) ਸਮੱਸਿਆਵਾਂ ਦੇ ਕਾਰਨ ਹੁੰਦਾ ਹੈ। ਇਹ ਆਪਣੇ ਆਪ ਵੀ ਹੋ ਸਕਦਾ ਹੈ।

ਤੁਸੀਂ PoTS ਬਾਰੇ ਅਤੇ ਇਸ ਨਾਲ ਨਜਿੱਠਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ PoTS UK ਦੇ ਜ਼ਰੀਏ ਲੈ ਸਕਦੇ ਹੋ, ਜੋ ਕਿ PoTS ਪੀੜਤ ਲੋਕਾਂ ਨੂੰ ਮਦਦ ਅਤੇ ਸਹਿਯੋਗ ਪ੍ਰਦਾਨ ਕਰਨ ਵਾਲੀ ਇੱਕ ਚੈਰਿਟੀ ਹੈ।

ਸੰਤੁਲਨ ਸਬੰਧੀ ਸਮੱਸਿਆਵਾਂ ਨਾਲ ਨਜਿੱਠਣਾ

ਜੇ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੈ, ਤਾਂ ਤੁਸੀਂ ਸ਼ਾਇਦ ਇਹਨਾਂ ਤਰੀਕਿਆਂ ਨਾਲ ਸੰਤੁਲਨ ਸਬੰਧੀ ਸਮੱਸਿਆਵਾਂ ਨੂੰ ਘਟਾ ਸਕਦੇ ਹੋ:

 • ਆਪਣੇ ਨਮਕ ਦੇ ਸੇਵਨ ਨੂੰ ਵਧਾ ਕੇ (ਇਹ ਜਾਣ ਲਓ ਕਿ ਇਸ ਨਾਲ ਤੁਹਾਡਾ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ)
 • ਤਰਲ ਚੀਜ਼ਾਂ, ਬਿਹਤਰ ਹੋਵੇਗਾ ਕਿ ਪਾਣੀ, ਬਥੇਰੀ ਮਾਤਰਾ ਵਿੱਚ ਪੀਣਾ
 • ਉਹ ਕਸਰਤਾਂ ਕਰਨਾ ਜੋ ਖੂਨ ਦੇ ਵਹਾਅ ਵਿੱਚ ਸੁਧਾਰ ਲਿਆਉਂਦੀਆਂ ਹਨ, ਜਿਵੇਂ ਕਿ ਆਪਣੀਆਂ ਲੱਤਾਂ ਨੂੰ ਇੱਕ ਦੂਜੇ ਉੱਪਰ ਰੱਖਣਾ ਅਤੇ ਫਿਰ ਖੋਲ੍ਹਣਾ ਜਾਂ ਆਪਣੀਆਂ ਮੁੱਠੀਆਂ ਨੂੰ ਕੱਸ ਕੇ ਬੰਦ ਕਰਨਾ

ਹਾਈ ਬਲੱਡ ਪ੍ਰੈਸ਼ਰ ਦਾ ਵੀ ਤੁਹਾਡੇ ਸੰਤੁਲਨ ‘ਤੇ ਅਸਰ ਪੈ ਸਕਦਾ ਹੈ। ਜੇ ਸਥਿਤੀ ਅਜਿਹੀ ਹੈ, ਤਾਂ ਹੋ ਸਕੇ ਤਾਂ ਆਪਣੇ ਨਮਕ ਦੇ ਸੇਵਨ ਨੂੰ ਘਟਾਉਣ ਦੀ ਕੋਸ਼ਿਸ਼ ਕਰੋ, ਨੇਮ ਨਾਲ ਕਸਰਤ ਕਰੋ, ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਤੁਹਾਨੂੰ ਜੋ ਵੀ ਦਵਾਈ ਲਿਖ ਕੇ ਦਿੱਤੀ ਗਈ ਹੈ ਉਹ ਲਓ (ਜਿਵੇਂ ਕਿ ਸਟੈਟਿਨਸ)।

ਸਟ੍ਰੋਕ ਜਾਂ ਹਾਰਟ ਫੇਲ੍ਹ ਵਰਗੀ ਕਿਸੇ ਬੁਨਿਆਦੀ ਸਥਿਤੀ ਕਰਕੇ ਹੋਈਆਂ ਸੰਤੁਲਨ ਦੀਆਂ ਸਮੱਸਿਆਵਾਂ ਅਕਸਰ ਉਸ ਸਥਿਤੀ ਦੇ ਇਲਾਜ ਕੀਤੇ ਜਾਣ ‘ਤੇ ਸੁਧਰ ਸਕਦੀਆਂ ਹਨ ਜਾਂ ਠੀਕ ਹੋਣ ਲੱਗਦੀਆਂ ਹਨ।

ਜੇ ਤੁਸੀਂ ਆਪਣੀਆਂ ਸੰਤੁਲਨ ਸਬੰਧੀ ਸਮੱਸਿਆਵਾਂ ਦਾ ਸਿੱਧਾ ਇਲਾਜ ਨਹੀਂ ਕਰ ਸਕਦੇ ਹੋ, ਤਾਂ ਵੀ ਅਜਿਹੇ ਕੁਝ ਤਰੀਕੇ ਹਨ ਜਿਹਨਾਂ ਨਾਲ ਤੁਸੀਂ ਡਿੱਗਣ ਅਤੇ ਚੱਕਰ ਆਉਣ ਦੀ ਸੰਭਾਵਨਾ ਨੂੰ ਘਟਾ ਸਕਦੇ ਹੋ:

 • ਇਹ ਪਤਾ ਲਗਾਉਣ ਲਈ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰੋ ਕਿ ਕੀ ਅਜਿਹੀਆਂ ਕੋਈ ਕਸਰਤਾਂ ਹਨ ਜੋ ਤੁਹਾਡੇ ਸੰਤੁਲਨ ਨੂੰ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ।
 • ਜੇ ਤੁਹਾਨੂੰ ਚੱਕਰ ਆਉਂਦੇ ਮਹਿਸੂਸ ਹੁੰਦੇ ਹਨ, ਤਾਂ ਆਪਣੀ ਸਾਹ ਕਿਰਿਆ ‘ਤੇ ਧਿਆਨ ਕੇਂਦ੍ਰਤ ਕਰੋ। ਹੌਲੀ-ਹੌਲੀ ਅਤੇ ਡੂੰਘੇ ਸਾਹ ਲਓ, ਆਪਣੀ ਨੱਕ ਰਾਹੀਂ ਸਾਹ ਅੰਦਰ ਲਓ ਅਤੇ ਆਪਣੇ ਮੂੰਹ ਰਾਹੀਂ ਬਾਹਰ ਕੱਢੋ।
 • ਕੁਝ ਲੋਕ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਜਦੋਂ ਉਹਨਾਂ ਨੂੰ ਚੱਕਰ ਆਉਂਦੇ ਹਨ ਜਾਂ ਸੰਤੁਲਨ ਨਾਲ ਜੱਦੋਜਹਿਦ ਕਰ ਰਹੇ ਹੁੰਦੇ ਹਨ, ਤਾਂ ਕਮਰੇ ਵਿੱਚ ਕੋਈ ਥਾਂ ਚੁਣ ਕੇ ਉਸ ਨੂੰ ਦੇਖਣ ਅਤੇ ਸਿਰਫ਼ ਉਸੇ ਉੱਪਰ ਫ਼ੋਕਸ ਕਰਨ ਨਾਲ ਮਦਦ ਮਿਲ ਸਕਦੀ ਹੈ। ਇਸ ਨਾਲ ਤੁਹਾਡੇ ਦਿਮਾਗ ਨੂੰ ਆਪਣੇ ਆਪ ਨੂੰ ਫਿਰ ਤੋਂ ਸਥਿਤੀ ਅਨੁਸਾਰ ਢਾਲਣ ਵਿੱਚ ਮਦਦ ਮਿਲਦੀ ਹੈ।
 • ਆਪਣੇ ਆਲੇ-ਦੁਆਲੇ ਤੋਂ ਖਿਲਾਰੇ ਨੂੰ ਹਟਾਓ, ਖਾਸ ਕਰਕੇ ਫਰਸ਼ ਤੋਂ। ਇਸ ਨਾਲ ਡਿੱਗਣ ਦੀ ਸੰਭਾਵਨਾ ਘੱਟ ਸਕਦੀ ਹੈ।
 • ਜਿੱਥੇ ਵੀ ਸੰਭਵ ਹੋਵੇ, ਹਨੇਰੇ ਵਿੱਚ ਚੱਲਣ ਤੋਂ ਬਚੋ।
 • ਬਾਹਰ ਜਾਣ ਵੇਲੇ ਨੀਵੀਂ ਅੱਡੀ ਵਾਲੇ ਜੁੱਤੇ ਜਾਂ ਸੈਰ ਕਰਨ ਵਾਲੇ ਬੂਟ ਪਾਓ।
 • ਆਪਣੇ ਕਿਸੇ ਭਰੋਸੇਮੰਦ ਵਿਅਕਤੀ ਦਾ ਸਾਥ ਹੋਣ ਨਾਲ, ਖਾਸ ਕਰਕੇ ਜਦੋਂ ਤੁਸੀਂ ਲੰਮੀ ਦੂਰੀ ਦੀ ਸੈਰ ਕਰਦੇ ਹੋ ਜਾਂ ਕਸਰਤ ਕਰ ਰਹੇ ਹੁੰਦੇ ਹੋ, ਮਦਦ ਮਿਲ ਸਕਦੀ ਹੈ – ਉਹ ਤੁਹਾਨੂੰ ਸਰੀਰਕ ਸਹਾਰਾ ਦੇ ਸਕਦੇ ਹਨ, ਅਤੇ ਜੇ ਤੁਹਾਨੂੰ ਬੇਅਰਾਮੀ ਹੋ ਰਹੀ ਹੋਵੇ ਜਾਂ ਤੁਸੀਂ ਡਿੱਗਣ ਤੋਂ ਡਰਦੇ ਹੋਵੋ ਤਾਂ ਇਹ ਇੱਕ ਸ਼ਾਨਦਾਰ ਭਾਵਨਾਤਮਕ ਸਹਾਰਾ ਵੀ ਹੋ ਸਕਦਾ ਹੈ।
 • ਜਿੰਨਾ ਹੋ ਸਕੇ ਹੌਲੀ-ਹੌਲੀ ਉੱਠ ਕੇ ਖੜ੍ਹੇ ਹੋਵੋ, ਅਤੇ ਜਿੱਥੇ ਵੀ ਸੰਭਵ ਹੋਵੇ ਨੇੜੇ-ਤੇੜੇ ਦੀਆਂ ਸਤਹਾਂ, ਜਿਵੇਂ ਕਿ ਕੁਰਸੀ ਦੀਆਂ ਬਾਂਹਵਾਂ ਜਾਂ ਡੈਸਕ ਜਾਂ ਟੇਬਲਟੌਪ ਨਾਲ ਆਪਣੇ ਆਪ ਨੂੰ ਸਹਾਰਾ ਦਿਓ।
 • ਰੌਸ਼ਨੀ ਵਿੱਚ ਤੇਜ਼ ਤਬਦੀਲੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਜਿਵੇਂ ਇੱਕ ਬਹੁਤ ਹੀ ਹਨੇਰੇ ਕਮਰੇ ਤੋਂ ਇੱਕ ਬਹੁਤ ਹੀ ਚਮਕਦਾਰ ਕਮਰੇ ਵਿੱਚ ਜਾਣਾ, ਕਿਉਂਕਿ ਇਸ ਨਾਲ ਅਕਸਰ ਚੱਕਰ ਆਉਣੇ ਸ਼ੁਰੂ ਹੋ ਸਕਦੇ ਹਨ।
 • ਅਲਕੋਹਲ, ਅਤੇ ਇਸਦੇ ਨਾਲ ਹੀ ਭੰਗ (cannabis) ਜਾਂ ਐਕਸਟੇਸੀ ਵਰਗੀਆਂ ਕੁਝ ਮਨੋਰੰਜਕ ਦਵਾਈਆਂ ਦੇ ਇਸਤੇਮਾਲ ਨੂੰ ਸੀਮਤ ਕਰੋ, ਜੋ ਤੁਹਾਡੇ ਸੰਤੁਲਨ ਨੂੰ ਸਿੱਧੇ ਤੌਰ ‘ਤੇ ਪ੍ਰਭਾਵਤ ਕਰ ਸਕਦੀਆਂ ਹਨ।

ਜੇ ਤੁਹਾਨੂੰ ਸੰਤੁਲਨ ਸੰਬੰਧੀ ਗੰਭੀਰ ਸਮੱਸਿਆਵਾਂ ਹਨ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਸਿਹਤ ਪੇਸ਼ੇਵਰ ਨਾਲ ਇਸ ਬਾਰੇ ਗੱਲ ਕਰਨ ਦੀ ਲੋੜ ਪਵੇ ਕਿ ਕੀ ਤੁਹਾਡੇ ਲਈ ਗੱਡੀ ਚਲਾਉਣੀ ਜਾਂ ਹੋਰ ਭਾਰੀ ਮਸ਼ੀਨਰੀ ਚਲਾਉਣੀ ਸੁਰੱਖਿਅਤ ਹੈ ਜਾਂ ਨਹੀਂ।

ਸਹਾਇਕ ਸਾਧਨ ਅਤੇ ਸਹਿਯੋਗ

ਸਰੀਰਕ ਸਹਾਇਤਾ ਦੇ ਕਈ ਤਰ੍ਹਾਂ ਦੇ ਸਾਧਨ ਹਨ ਜਿਹਨਾਂ ਨੂੰ ਤੁਸੀਂ ਸੰਤੁਲਨ ਦੀਆਂ ਸਮੱਸਿਆਵਾਂ ਹੋਣ ‘ਤੇ ਡਿੱਗਣ ਦੀ ਸੰਭਾਵਨਾ ਨੂੰ ਘਟਾਉਣ ਲਈ ਵਰਤ ਸਕਦੇ ਹੋ: ਹੈਂਡਰੇਲ, ਪੈਦਲ ਚੱਲਣ ਲਈ ਸੋਟੀਆਂ ਜਾਂ ਡੰਡੇ, ਤੁਰਨ ਲਈ ਫ਼੍ਰੇਮ, ਨਹਾਉਣ ਤੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਲਈ ਹੈਂਡਲ, ਜਾਂ ਸ਼ਾਵਰ ਦੀਆਂ ਸੀਟਾਂ ਤਾਂ ਜੋ ਤੁਹਾਨੂੰ ਖੜ੍ਹੇ ਨਾ ਹੋਣਾ ਪਵੇ।

ਫ਼ਰਨੀਚਰ ਦੀਆਂ ਵੀ ਅਜਿਹੀਆਂ ਕਿਸਮਾਂ ਹਨ ਜਿਹਨਾਂ ਨੂੰ ਤੁਸੀਂ ਚੁਣ ਸਕਦੇ ਹੋ, ਜਦਕਿ ਇਹ ਜ਼ਰੂਰੀ ਤੌਰ ‘ਤੇ “ਅਯੋਗਤਾ ਲਈ ਸਹਾਇਕ ਸਾਧਨ” ਨਹੀਂ ਹਨ, ਪਰ ਇਹ ਸੰਤੁਲਨ ਨੂੰ ਸੌਖਾ ਬਣਾ ਸਕਦੇ ਹਨ, ਖਾਸ ਕਰਕੇ ਉੱਠਦੇ ਸਮੇਂ। ਆਰਮਰੈਸਟ (ਬਾਂਹਵਾਂ) ਵਾਲੀਆਂ ਕੁਰਸੀਆਂ ਲੱਭੋ ਜਿਹਨਾਂ ਦੀ ਵਰਤੋਂ ਤੁਸੀਂ ਖੜ੍ਹੇ ਹੋਣ ਵੇਲੇ ਆਪਣੇ ਆਪ ਨੂੰ ਸਹਾਰਾ ਦੇਣ ਲਈ ਕਰ ਸਕਦੇ ਹੋ, ਅਤੇ ਜੇ ਲੋੜ ਹੋਵੇ ਤਾਂ ਅਜਿਹੇ ਡੈਸਕ ਜਾਂ ਮੇਜ਼ ਲੱਭੋ ਜਿਹਨਾਂ ਉੱਪਰ ਤੁਸੀਂ ਅਰਾਮ ਨਾਲ ਝੁਕ ਸਕਦੇ ਹੋ।
ਤੁਸੀਂ ਆਪਣੇ ਸੰਤੁਲਨ ਦੀਆਂ ਸਮੱਸਿਆਵਾਂ ਲਈ ਦੋਸਤਾਂ ਅਤੇ ਪਰਿਵਾਰ ਤੋਂ ਸਹਿਯੋਗ ਲੈ ਸਕਦੇ ਹੋ, ਪਰ ਸਿਹਤ ਪੇਸ਼ੇਵਰਾਂ ਜ਼ਰੀਏ ਵੀ ਸਹਿਯੋਗ ਲੱਭ ਸਕਦੇ ਹੋ। ਆਪਣੇ ਸੰਤੁਲਨ ਦੀਆਂ ਸਮੱਸਿਆਵਾਂ ਦੇ ਕਾਰਨ ‘ਤੇ ਨਿਰਭਰ ਕਰਦਿਆਂ, ਤੁਹਾਨੂੰ ਆਕਿਉਪੇਸ਼ਨਲ ਥੈਰੇਪੀ ਜਾਂ ਫ਼ਿਜ਼ੀਓਥੈਰੇਪੀ ਰਾਹੀਂ ਵੀ ਸਹਾਇਤਾ ਮਿਲ ਸਕਦੀ ਹੈ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
 • Was this helpful ?
 • YesNo