Skip to main content

ਤਮਾਕੂਨੋਸ਼ੀ ਬੰਦ ਕਰਨਾ

ਤਮਾਕੂਨੋਸ਼ੀ ਕਿਉਂ ਛੱਡੀ ਜਾਵੇ?

ਤਮਾਕੂਨੋਸ਼ੀ ਬੰਦ ਕਰਨਾ ਉਹਨਾਂ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਹੈ ਜੋ ਤੁਸੀਂ ਆਪਣੀ ਸਿਹਤ ਲਈ ਕਰ ਸਕਦੇ ਹੋ।

ਜੇ ਤੁਸੀਂ ਇੱਕ ਦਿਨ ਵਿੱਚ 20 ਸਿਗਰੇਟਾਂ ਪੀਂਦੇ ਹੋ, ਤਾਂ ਤੁਹਾਨੂੰ ਤਮਾਕੂਨੋਸ਼ੀ ਨਾ ਕਰਨ ਵਾਲੇ ਕਿਸੇ ਵਿਅਕਤੀ ਦੇ ਮੁਕਾਬਲੇ 6 ਗੁਣਾ ਵੱਧ ਸਟ੍ਰੋਕ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਨਾਲ ਤੁਹਾਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਦੁੱਗਣਾ ਹੋ ਜਾਂਦਾ ਹੈ, ਅਤੇ ਲੰਬੇ ਅਰਸੇ ਤਕ ਤਮਾਕੂਨੋਸ਼ੀ ਕਰਨ ਵਾਲੇ 4 ਵਿਅਕਤੀਆਂ ਵਿੱਚੋਂ 1 ਵਿੱਚ ਛਾਤੀ ਦੀ ਸਮੱਸਿਆ COPD ਹੋ ਜਾਵੇਗੀ।

ਸਿਗਰਟ ਦੇ ਧੂੰਏਂ ਵਿੱਚ ਹਜ਼ਾਰਾਂ ਨੁਕਸਾਨਦੇਹ ਰਸਾਇਣ ਹੁੰਦੇ ਹਨ। ਇਹ ਰਸਾਇਣ ਤੁਹਾਡੀਆਂ ਧਮਣੀਆਂ ਦੀਆਂ ਕੰਧਾਂ ਨੂੰ ਖੁਰਦਰਾ ਅਤੇ ਚਿਪਚਿਪਾ ਬਣਾ ਦਿੰਦੇ ਹਨ। ਨਤੀਜੇ ਵਜੋਂ, ਤੁਹਾਡੇ ਖੂਨ ਵਿੱਚ ਚਰਬੀਯੁਕਤ ਸਮੱਗਰੀ ਤੁਹਾਡੀਆਂ ਧਮਣੀਆਂ ਦੀਆਂ ਕੰਧਾਂ ਨਾਲ ਚਿਪਕ ਜਾਂਦੀ ਹੈ ਅਤੇ ਸਮੇਂ ਦੇ ਨਾਲ ਜੰਮਣ ਲੱਗ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਸਟ੍ਰੋਕ ਜਾਂ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।

ਧੂੰਏਂ ਵਿਚਲੇ ਰਸਾਇਣ ਫੇਫੜਿਆਂ ਦੇ ਟਿਸ਼ੂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਤੁਹਾਡੇ ਹਵਾ ਮਾਰਗ ਨੂੰ ਉਤੇਜਤ ਕਰਦੇ ਹਨ। ਤੁਹਾਡੇ ਫੇਫੜਿਆਂ ਵਿੱਚ ਵਾਧੂ ਬਲਗਮ ਵੀ ਬਣਦੀ ਹੈ, ਅਤੇ ਤਮਾਕੂਨੋਸ਼ੀ ਤੁਹਾਡੇ ਇਸ ਵਾਧੂ ਬਲਗਮ ਨੂੰ ਸਾਫ਼ ਕਰਨ ਦੀ ਤੁਹਾਡੇ ਫੇਫੜਿਆਂ ਦੀ ਸਮਰੱਥਾ ਨੂੰ ਪ੍ਰਭਾਵਤ ਕਰਦੀ ਹੈ। ਨਤੀਜੇ ਵਜੋਂ, ਤੁਹਾਨੂੰ ਸਾਹ ਲੈਣਾ ਜ਼ਿਆਦਾ ਔਖਾ ਲੱਗੇਗਾ, ਖੰਘ ਜ਼ਿਆਦਾ ਆਵੇਗੀ, ਅਤੇ ਹੋ ਸਕਦਾ ਹੈ ਕਿ ਛਾਤੀ ਦੀ ਕੋਈ ਗੰਭੀਰ ਸਥਿਤੀ ਪੈਦਾ ਹੋ ਜਾਵੇ।

ਤਮਾਕੂਨੋਸ਼ੀ ਛੱਡਣ ਦੇ ਫ਼ਾਇਦੇ

ਤਮਾਕੂਨੋਸ਼ੀ ਛੱਡਦਿਆਂ ਹੀ ਤੁਹਾਨੂੰ ਇਸਦੇ ਫ਼ਾਇਦੇ ਸ਼ੁਰੂ ਹੋ ਜਾਂਦੇ ਹਨ। ਤੁਹਾਡੀ ਆਖਰੀ ਸਿਗਰਟ ਦੇ 20 ਮਿੰਟਾਂ ਬਾਅਦ ਹੀ ਤੁਹਾਡੀ ਸਿਹਤ ਲਈ ਖਤਰੇ ਘਟਣੇ ਸ਼ੁਰੂ ਹੋ ਜਾਂਦੇ ਹਨ!

ਤਮਾਕੂਨੋਸ਼ੀ ਛੱਡਣ ਦੇ ਕੁਝ ਅਹਿਮ ਫ਼ਾਇਦਿਆਂ ਵਿੱਚ ਇਹ ਸ਼ਾਮਲ ਹਨ:

  • ਕੋਈ ਗੰਭੀਰ ਸਿਹਤ ਸਮੱਸਿਆ ਪੈਦਾ ਹੋਣ ਦੇ ਤੁਹਾਡੇ ਜੋਖਮ ਦਾ ਘਟਣਾ।
  • ਪੈਸੇ ਦੀ ਬਚਤ। ਜੇ ਤੁਸੀਂ ਇੱਕ ਦਿਨ ਵਿੱਚ 20 ਸਿਗਰੇਟਾਂ ਪੀਂਦੇ ਹੋ, ਤਾਂ ਤੁਸੀਂ ਹਰ ਸਾਲ ਔਸਤਨ £3,500 ਦੀ ਬਚਤ ਕਰ ਸਕਦੇ ਹੋ। ਘਰ, ਜੀਵਨ ਅਤੇ ਕਾਰ ਦਾ ਬੀਮਾ ਹੋਰ ਵੀ ਸਸਤਾ ਹੋ ਸਕਦਾ ਹੈ।
  • ਅਸਿੱਧੇ ਧੂੰਏਂ ਕਰਕੇ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਿਹਤ ਖਰਾਬ ਹੋਣ ਤੋਂ ਬਚਾਉਣਾ।
  • ਤੁਹਾਡੇ ਧੂੰਏਂ ਵਿੱਚ ਸਾਹ ਲੈਣ ਨਾਲ ਤੁਹਾਡੇ ਬੱਚਿਆਂ ਨੂੰ ਬ੍ਰੌਂਕਾਈਟਿਸ, ਨਮੂਨੀਆ, ਦਮਾ, ਮੈਨਿਨਜਾਈਟਿਸ, ਅਤੇ ਕੰਨ ਦੇ ਇਨਫ਼ੈਕਸ਼ਨ ਹੋਣ ਦੀ ਸੰਭਾਵਨਾ ਨੂੰ ਘਟਾਉਣਾ।
  • ਤੁਹਾਡੀ ਸਾਹ ਕਿਰਿਆ, ਫ਼ਿਟਨੈਸ, ਸੁਆਦ ਦੇ ਅਹਿਸਾਸ, ਸਾਹ, ਬੱਚੇ ਪੈਦਾ ਕਰਨ ਦੀ ਸਮਰੱਥਾ, ਚਮੜੀ ਅਤੇ ਦੰਦਾਂ ਵਿੱਚ ਸੁਧਾਰ ਲਿਆਉਣਾ।

ਤਮਾਕੂਨੋਸ਼ੀ ਨੂੰ ਕਿਵੇਂ ਛੱਡਿਆ ਜਾਵੇ

ਸਭ ਤੋਂ ਪਹਿਲਾਂ, ਤਮਾਕੂਨੋਸ਼ੀ ਛੱਡਣ ਬਾਰੇ ਸੋਚਣਾ ਬਹੁਤ ਹਾਵੀ ਕਰਨ ਵਾਲਾ ਅਹਿਸਾਸ ਹੋ ਸਕਦਾ ਹੈ। ਪਰ ਭਵਿੱਖ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਅਤੇ ਆਪਣੀ ਸਿਹਤ ਲਈ ਇੱਕ ਆਸ਼ਾਵਾਦੀ ਕਦਮ ਚੁੱਕਣ ਦਾ ਫ਼ੈਸਲਾ ਕਰੋ।

ਤੁਸੀ ਇਹ ਕਰ ਸਕਦੇ ਹੋ! ਵੱਖ-ਵੱਖ ਲੋਕਾਂ ਨੂੰ ਤਮਾਕੂਨੋਸ਼ੀ ਛੱਡਣ ਦੇ ਵੱਖੋ-ਵੱਖਰੇ ਤਰੀਕੇ ਢੁਕਵੇਂ ਬੈਠਦੇ ਹਨ, ਇਸ ਕਰਕੇ ਕੋਈ ਅਜਿਹਾ ਤਰੀਕਾ ਲੱਭੋ ਜੋ ਤੁਹਾਡੇ ਲਈ ਕੰਮ ਕਰਦਾ ਹੋਵੇ। ਇਹ ਆਦਤ ਛੱਡਣ ਵਿੱਚ ਤੁਹਾਡੀ ਸਹਾਇਤਾ ਲਈ ਬਹੁਤ ਸਾਰੀ ਮਦਦ ਅਤੇ ਸਹਿਯੋਗ ਉਪਲਬਧ ਹੈ।

ਤਮਾਕੂਨੋਸ਼ੀ ਛੱਡਣ ਵਿੱਚ ਤੁਹਾਡੀ ਮਦਦ ਲਈ ਸਾਡੇ ਮੁੱਖ ਸੁਝਾਅ ਇਹ ਹਨ:

  • ਯੋਜਨਾ ਬਣਾਉਣੀ ਸ਼ੁਰੂ ਕਰੋ ਅਤੇ ਛੱਡਣ ਦੀ ਤਿਆਰੀ ਕਰੋ। ਛੱਡਣਾ ਚਾਹੁਣ ਦੇ ਆਪਣੇ ਸਾਰੇ ਕਾਰਨਾਂ ਦੀ ਸੂਚੀ ਬਣਾਓ। ਸੂਚੀ ਨੂੰ ਬਾਕਾਇਦਾ ਦੇਖਦੇ ਰਹੋ।
  • ਆਪਣੀਆਂ ਤਮਾਕੂਨੋਸ਼ੀ ਦੀਆਂ ਆਦਤਾਂ ਨੂੰ ਸਮਝੋ ਅਤੇ ਆਪਣੀ ਰੁਟੀਨ ਵਿੱਚ ਤਬਦੀਲੀਆਂ ਕਰਨ ਲਈ ਤਿਆਰ ਰਹੋ।
  • ਛੱਡਣ ਲਈ ਇੱਕ ਤਾਰੀਖ ਤੈਅ ਕਰੋ, ਤਰਜੀਹੀ ਤੌਰ ‘ਤੇ ਉਹ ਦਿਨ ਜਦੋਂ ਤੁਸੀਂ ਸਥਿਰ ਹੋਵੋਗੇ ਅਤੇ ਤੁਹਾਡੇ ਕੋਲ ਕੋਈ ਸਾਥ ਹੋਵੇਗਾ।
  • ਉਹ ਸਹਿਯੋਗ ਚੁਣੋ ਜੋ ਤੁਹਾਡੇ ਲਈ ਵਾਜਬ ਹੋਵੇ। ਉਦਾਹਰਣ ਲਈ: ਆਨਲਾਈਨ ਮਦਦ, ਸਥਾਨਕ ਸਹਿਯੋਗ ਦੇ ਪ੍ਰੋਗਰਾਮ, ਫ਼ੋਨ ਸਹਾਇਤਾ ਅਤੇ ਪਰਿਵਾਰ ਤੇ ਦੋਸਤ।
  • ਜਦੋਂ ਤੁਹਾਨੂੰ ਸਿਗਰਟ ਪੀਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਸ ਸਮੇਂ ਲਈ ਗਤੀਵਿਧੀਆਂ ਅਤੇ ਧਿਆਨ ਭਟਕਾਉਣ ਦੀ ਯੋਜਨਾ ਬਣਾਓ।
  • ਟੀਚੇ ਮਿੱਥੋ ਅਤੇ ਟੀਚਾ ਪ੍ਰਾਪਤ ਕਰਨ ‘ਤੇ ਆਪਣੇ ਆਪ ਨੂੰ ਇਨਾਮ ਦਿਓ।
  • ਇਸ ਗੱਲ ਦਾ ਰਿਕਾਰਡ ਰੱਖੋ ਕਿ ਤੁਸੀਂ ਕਿੰਨੀ ਬਚਤ ਕਰ ਰਹੇ ਹੋ ਅਤੇ/ਜਾਂ ਤੁਸੀਂ ਸਿਗਰਟ ਪੀਣੀ ਛੱਡਣ ਤੋਂ ਬਾਅਦ ਕਿੰਨੀਆਂ ਸਿਗਰਟਾਂ ਪੀਣ ਤੋਂ ਪਰਹੇਜ਼ ਕੀਤਾ ਹੈ।
  • ਆਸ਼ਾਵਾਦੀ ਰਹੋ ਅਤੇ ਆਪਣੇ ਆਪ ਨੂੰ ਇਹ ਕਹੋ ਕਿ ਤੁਹਾਨੂੰ ਸਫ਼ਲਤਾ ਮਿਲੇਗੀ!

ਧੂੰਏਂ ਵਿਚਲਾ ਨਿਕੋਟੀਨ ਆਦੀ ਬਣਾਉਣ ਵਾਲਾ ਹੁੰਦਾ ਹੈ। ਜਦੋਂ ਤੁਸੀਂ ਤਮਾਕੂਨੋਸ਼ੀ ਛੱਡਦੇ ਹੋ ਤਾਂ ਨਿਕੋਟੀਨ ਨੂੰ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਛੱਡਣ ਵਿੱਚ 3 ਤੋਂ 4 ਦਿਨ ਲੱਗ ਜਾਂਦੇ ਹਨ। ਤਿਆਰ ਰਹੋ ਕਿ ਪਹਿਲੇ ਕੁਝ ਦਿਨ ਸਭ ਤੋਂ ਮੁਸ਼ਕਲ ਹੋਣ ਵਾਲੇ ਹਨ – ਤੁਸੀਂ ਸ਼ਾਇਦ ਚਿੜਚਿੜੇ, ਬੇਚੈਨ ਜਾਂ ਉਦਾਸ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਸ਼ਾਇਦ ਧਿਆਨ ਕੇਂਦ੍ਰਤ ਕਰਨ ਜਾਂ ਸੌਣ ਵਿੱਚ ਵੀ ਮੁਸ਼ਕਲ ਹੋਵੇ।

ਸਿਗਰਟ ਦੀ ਖੋਹ ਆਮ ਤੌਰ ‘ਤੇ ਬਸ 3 ਤੋਂ 5 ਮਿੰਟ ਤਕ ਰਹਿੰਦੀ ਹੈ ਅਤੇ ਫਿਰ ਖਤਮ ਹੋ ਜਾਂਦੀ ਹੈ। ਮਜਬੂਤ ਰਹੋ! ਇਹ ਖੋਹ ਘੱਟ ਜਾਵੇਗੀ।

ਤਮਾਕੂਨੋਸ਼ੀ ਛੱਡਣ ਵਿੱਚ ਮਦਦ

ਮਦਦ ਮੰਗਣ ਤੋਂ ਨਾ ਡਰੋ। ਪੇਸ਼ੇਵਰ ਮਦਦ ਅਤੇ ਦਵਾਈਆਂ ਨਾਲ ਤਮਾਕੂਨੋਸ਼ੀ ਛੱਡ ਦੇਣ ਦੀ ਤੁਹਾਡੀ ਸੰਭਾਵਨਾ ਚਾਰ ਗੁਣਾ ਵੱਧ ਹੁੰਦੀ ਹੈ – ਤੁਹਾਨੂੰ ਇਹ ਆਪਣੇ ਆਪ ਕਰਨ ਦੀ ਲੋੜ ਨਹੀਂ ਹੈ।

ਸਕਾਟਲੈਂਡ ਵਿੱਚ, ਤੁਹਾਡੀ ਸਥਾਨਕ NHS ਤਮਾਕੂਨੋਸ਼ੀ ਛੁਡਾਊ ਸੇਵਾ ਤੋਂ ਤਮਾਕੂਨੋਸ਼ੀ ਛੱਡਣ ਵਿੱਚ ਸਹਾਇਤਾ ਮੁਫ਼ਤ ਹੈ। ਇਹ ਸੇਵਾਵਾਂ ਦੇਸ਼ ਭਰ ਵਿੱਚ ਉਪਲਬਧ ਹਨ।

ਤੁਹਾਡਾ ਜੀਪੀ ਜਾਂ ਫ਼ਾਰਮਾਸਿਸਟ ਵੀ ਤੁਹਾਨੂੰ ਇਸ ਨੂੰ ਛੱਡਣ ਵਿੱਚ ਮਦਦ ਲਈ ਸਲਾਹ ਅਤੇ ਸਹਾਇਤਾ ਦੇ ਸਕਦਾ ਹੈ। ਤੁਹਾਨੂੰ ਨਿਕੋਟੀਨ ਰਿਪਲੇਸਮੈਂਟ ਥੈਰੇਪੀ (NRT) ਵਰਗੀ ਦਵਾਈ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।

ਜੇ ਤੁਹਾਨੂੰ ਲੱਗਦਾ ਹੈ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਸਹਿਯੋਗ ਮੰਗਣ ਨਾਲ ਮਦਦ ਮਿਲੇਗੀ, ਤਾਂ ਉਹਨਾਂ ਤੋਂ ਸਹਾਇਤਾ ਮੰਗੋ। ਇਸ ਨਾਲ ਬੜਾ ਫ਼ਰਕ ਪੈ ਸਕਦਾ ਹੈ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo