Skip to main content

ਸਿਹਤਮੰਦ ਖਾਣ-ਪੀਣ

ਇੱਕ ਸਿਹਤਮੰਦ, ਸੰਤੁਲਤ ਖੁਰਾਕ ਖਾਣ ਅਤੇ ਤੁਹਾਡੇ ਦੁਆਰਾ ਅਲਕੋਹਲ ਪੀਣ ਵਿੱਚ ਸੰਜਮ ਵਰਤ ਕੇ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਵਰਗੀਆਂ ਸਮੱਸਿਆਵਾਂ ਹੋਣ ਦੇ ਤੁਹਾਡੇ ਖਤਰੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਛਾਤੀ, ਦਿਲ ਅਤੇ ਸਟ੍ਰੋਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਲੱਛਣਾਂ ਨਾਲ ਨਿਪਟਣ ਵਿੱਚ ਵੀ ਮਦਦ ਮਿਲ ਸਕਦੀ ਹੈ।

ਸਿਹਤਮੰਦ ਭੋਜਨ ਖਾਣ ਦਾ ਮਤਲਬ ਹਮੇਸ਼ਾ ਭਾਰ ਘਟਾਉਣਾ ਹੀ ਨਹੀਂ ਹੁੰਦਾ। ਇਸਦਾ ਮਤਲਬ ਸਿਰਫ਼ ਇੱਕ ਸੰਤੁਲਿਤ, ਢੁਕਵੀਂ ਖੁਰਾਕ ਖਾਣਾ ਹੈ ਜੋ ਬਹੁਤ ਜ਼ਿਆਦਾ ਹੋਏ ਬਗੈਰ ਤੁਹਾਡੇ ਸਰੀਰ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦੀ ਹੈ।

ਸਿਹਤਮੰਦ ਭੋਜਨ ਕਿਉਂ ਖਾਈਏ?

ਇੱਕ ਵਧੇਰੇ ਸਿਹਤਮੰਦ ਜੀਵਨ-ਜਾਚ ਜਿਉਣਾ ਅਕਸਰ ਤੁਹਾਡੇ ਦੁਆਰਾ ਖਾਧੇ ਜਾਣ ਵਾਲੇ ਭੋਜਨ ਅਤੇ ਉਹਨਾਂ ਪੀਣ ਵਾਲੀਆਂ ਚੀਜ਼ਾਂ ਤੋਂ ਸ਼ੁਰੂ ਹੁੰਦਾ ਹੈ ਜਿਹਨਾਂ ਦਾ ਤੁਸੀਂ ਅਨੰਦ ਮਾਣਦੇ ਹੋ। ਹਾਲਾਂਕਿ ਇਸ ਨੂੰ ਬਦਲਣਾ ਸ਼ਾਇਦ ਸਧਾਰਨ ਜਿਹਾ ਕੰਮ ਲੱਗਦਾ ਹੋਵੇ, ਪਰ ਇਹ ਬੜਾ ਚੁਣੌਤੀਪੂਰਨ ਹੋ ਸਕਦਾ ਹੈ, ਅਤੇ ਇਸ ਦੇ ਲਈ ਬਹੁਤ ਸਬਰ ਅਤੇ ਸਵੈ-ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਪਰ, ਸਹੀ ਮਦਦ ਅਤੇ ਸਹੀ ਰਵੱਈਏ ਨਾਲ, ਤੁਸੀਂ ਵੱਡੀਆਂ ਤਬਦੀਲੀਆਂ ਵੱਲ ਛੋਟੇ-ਛੋਟੇ ਕਦਮ ਚੁੱਕ ਸਕਦੇ ਹੋ।

ਸਹੀ ਭੋਜਨ ਖਾਣ ਅਤੇ ਆਪਣੇ ਸ਼ਰਾਬ ਦੇ ਸੇਵਨ ਨੂੰ ਸੀਮਤ ਕਰਕੇ, ਤੁਸੀਂ ਸਿਹਤ ਦੀਆਂ ਗੰਭੀਰ ਸਥਿਤੀਆਂ ਜਿਵੇਂ ਕਿ ਸਟ੍ਰੋਕ, ਦਿਲ ਦੀ ਬਿਮਾਰੀ, ਅਤੇ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਆਪਣੇ ਜੋਖਮ ਨੂੰ ਘਟਾ ਸਕਦੇ ਹੋ।

ਸਿਹਤਮੰਦ ਖਾਣਾ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਵਧਾ ਸਕਦਾ ਹੈ, ਜਿਸ ਨਾਲ ਤੁਹਾਡੀ ਸਮੁੱਚੀ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਤੁਹਾਨੂੰ ਵਧੇਰੇ ਊਰਜਾ ਮਿਲਦੀ ਹੈ, ਅਤੇ ਇੱਕ ਸਿਹਤਮੰਦ ਭਾਰ ਤਕ ਪਹੁੰਚਣ ਅਤੇ ਉਸਨੂੰ ਬਣਾਈ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਸੰਤੁਲਿਤ ਖੁਰਾਕ ਕੀ ਹੁੰਦੀ ਹੈ?

ਸਿਹਤਮੰਦ ਭੋਜਨ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਜੋ ਕੁਝ ਵੀ ਖਾਣ ਵਿੱਚ ਮਜ਼ਾ ਆਉਂਦਾ ਹੈ ਉਸ ਵਿੱਚ ਕਟੌਤੀ ਕਰ ਦੇਣਾ। ਇਸ ਦੀ ਬਜਾਏ, ਸੰਜਮ ਵਿੱਚ ਹਰ ਚੀਜ਼ ਦਾ ਅਨੰਦ ਮਾਣਨਾ, ਅਤੇ ਇਹ ਪੱਕਾ ਕਰਨਾ ਕਿ ਤੁਹਾਡੀ ਖੁਰਾਕ ਜਿੰਨਾ ਸੰਭਵ ਹੋ ਸਕੇ ਸੰਤੁਲਤ ਹੋਵੇ।

ਆਪਣੇ ਸਰੀਰ ਨੂੰ ਲੋੜੀਂਦੇ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਦੇਣ ਲਈ ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਭੋਜਨ ਸ਼ਾਮਲ ਕਰੋ। ਇੱਕ ਸੰਤੁਲਿਤ ਖੁਰਾਕ ਵਿੱਚ ਫਲ, ਸਬਜ਼ੀਆਂ, ਫ਼ਾਈਬਰ, ਮੇਵੇ, ਸਾਬਤ ਅਨਾਜ ਅਤੇ ਦਾਲਾਂ ਵੱਧ ਹੋਣੀਆਂ ਚਾਹੀਦੀਆਂ ਹਨ ਅਤੇ ਸੰਤ੍ਰਿਪਤ (ਸੈਚੁਰੇਟਿਡ) ਚਰਬੀ, ਨਮਕ ਅਤੇ ਚੀਨੀ ਘੱਟ ਹੋਣੇ ਚਾਹੀਦੇ ਹਨ।

ਈਟਵੈੱਲ ਗਾਈਡ (Eatwell Guide) ਇਹ ਸਮਝਣ ਦਾ ਇੱਕ ਤੇਜ਼ ਅਤੇ ਅਸਾਨ ਤਰੀਕਾ ਹੈ ਕਿ ਤੁਹਾਨੂੰ ਹਰੇਕ ਭੋਜਨ ਸਮੂਹ ਵਿੱਚੋਂ ਕਿੰਨਾ ਕੁ ਖਾਣਾ ਚਾਹੀਦਾ ਹੈ।

ਨਮਕ ਅਤੇ ਖੰਡ

ਬਹੁਤ ਸਾਰੀਆਂ ਚੀਜ਼ਾਂ ਵਾਂਗ, ਨਮਕ ਅਤੇ ਖੰਡ ਵੀ ਸੰਜਮ ਵਿੱਚ ਹੀ ਚੰਗੇ ਹੁੰਦੇ ਹਨ – ਪਰ ਬਹੁਤ ਸਾਰੇ ਭੋਜਨ ਜਿਹਨਾਂ ਦਾ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਨੰਦ ਮਾਣਦੇ ਹਾਂ, ਖਾਸ ਕਰਕੇ ਸੁਵਿਧਾਜਨਕ ਭੋਜਨਾਂ ਅਤੇ ਸਨੈਕਸ, ਵਿੱਚ ਨਮਕ ਅਤੇ ਖੰਡ ਦੋਵਾਂ ਦੀ ਸਿਫ਼ਾਰਸ਼ ਕੀਤੀ ਰੋਜ਼ਾਨਾ ਮਾਤਰਾ ਤੋਂ ਕਿਤੇ ਵੱਧ ਹੁੰਦੇ ਹਨ।

ਤੁਹਾਨੂੰ ਪ੍ਰਤੀ ਦਿਨ 6 ਗ੍ਰਾਮ ਤੋਂ ਵੱਧ ਨਮਕ (ਭਾਵ ਲਗਭਗ 1 ਛੋਟਾ ਚਮਚਾ) ਅਤੇ 30 ਗ੍ਰਾਮ ਮੁਕਤ (ਭੋਜਨ ਪਦਾਰਥਾਂ ਵਿੱਚ ਪਾਈ ਹੋਈ) ਖੰਡ ਪ੍ਰਤੀ ਦਿਨ, ਜਾਂ 7 ਛੋਟੇ ਚਮਚੇ ਤੋਂ ਵੱਧ ਨਾ ਲੈਣ ਦਾ ਟੀਚਾ ਰੱਖਣਾ ਚਾਹੀਦਾ ਹੈ।

ਨਮਕ ਅਤੇ ਖੰਡ ਅਕਸਰ ਪਹਿਲਾਂ ਤੋਂ ਤਿਆਰ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਲੁਕੇ ਹੁੰਦੇ ਹਨ। ਜਿੱਥੇ ਵੀ ਸੰਭਵ ਹੋਵੇ, ਆਪਣੇ ਭੋਜਨ ਨੂੰ ਬਿਲਕੁਲ ਸ਼ੁਰੂ ਤੋਂ ਹੀ ਆਪ ਤਿਆਰ ਕਰਨ ਦੀ ਆਦਤ ਪਾਉਣ ਦੀ ਕੋਸ਼ਿਸ਼ ਕਰੋ। ਨਮਕ ਦੀ ਬਜਾਏ ਮਸਾਲੇ ਅਤੇ ਜੜੀ-ਬੂਟੀਆਂ ਤੁਹਾਡੇ ਭੋਜਨ ਵਿੱਚ ਸੁਆਦ ਵਧਾ ਸਕਦੀਆਂ ਹਨ। ਹੋਰ ਸੁਝਾਵਾਂ ਅਤੇ ਜੁਗਤਾਂ ਵਿੱਚ ਸ਼ਾਮਲ ਹਨ:

 • ਚਾਹ ਜਾਂ ਕੌਫ਼ੀ ਵਿੱਚ ਤੁਹਾਡੇ ਦੁਆਰਾ ਲਈ ਜਾਣ ਵਾਲੀ ਖੰਡ ਨੂੰ ਘਟਾਉਣਾ, ਜਾਂ ਖੰਡ ਦੀ ਬਜਾਏ ਸਵੀਟਨਰ ਵਰਤਣਾ
 • ਜਦੋਂ ਤੁਸੀਂ ਡ੍ਰਿੰਕ ਜਾਂ ਸਨੈਕਸ ਚੁਣਦੇ ਹੋ ਤਾਂ ਘੱਟ ਜਾਂ ਜ਼ੀਰੋ ਸ਼ੂਗਰ ਵਿਕਲਪਾਂ ਦੀ ਚੋਣ ਕਰਨਾ
 • ਜਦੋਂ ਤੁਹਾਨੂੰ ਕਿਸੇ ਮਿੱਠੀ ਚੀਜ਼ ਖਾਣ ਦਾ ਇੱਛਾ ਹੋ ਰਹੀ ਹੋਵੇ ਤਾਂ ਫਲ ਜਾਂ ਮਿੱਠੀਆਂ ਸਬਜ਼ੀਆਂ ਖਾਣਾ ਜਿਵੇਂ ਕਿ ਗਾਜਰ
 • ਘੱਟ ਨਮਕ ਵਾਲੇ ਵਿਕਲਪਾਂ ਜਿਵੇਂ ਕਿ ਬਗੈਰ ਨਮਕ ਵਾਲੇ ਨਟਸ (ਗਿਰੀਦਾਰ ਮੇਵੇ), ਓਟਕੇਕ, ਜਾਂ ਬਿਨਾਂ ਲੂਣ ਵਾਲੀ ਫ਼ਲੈਟਬ੍ਰੈੱਡ ਦੇ ਪੱਖ ਵਿੱਚ ਕੁਰਕੁਰੇ ਅਤੇ ਨਮਕੀਨ ਗਿਰੀਆਂ ਤੋਂ ਪਰਹੇਜ਼ ਕਰਨਾ

ਦਿਨ ਵਿੱਚ ਪੰਜ ਪੋਰਸ਼ਨ, ਸਹੀ ਤਰੀਕੇ ਨਾਲ

ਅਸੀਂ ਸਾਰੇ ਜਾਣਦੇ ਹਾਂ ਕਿ ਤੁਹਾਨੂੰ ਇੱਕ ਦਿਨ ਵਿੱਚ ਪੰਜ ਫਲ ਅਤੇ ਸਬਜ਼ੀਆਂ ਖਾਣੇ ਚਾਹੀਦੇ ਹਨ, ਪਰ ਇਸਦਾ ਅਸਲ ਵਿੱਚ ਕੀ ਮਤਲਬ ਹੈ?

ਇੱਕ “ਪੋਰਸ਼ਨ” ਲਗਭਗ 80 ਗ੍ਰਾਮ ਦਾ ਹੁੰਦਾ ਹੈ, ਜੋ ਇਸਦੇ ਬਰਾਬਰ ਹੁੰਦਾ ਹੈ: ਇੱਕ ਕੇਲਾ, ਦੋ ਪਲੱਮ ਜਾਂ ਆਲੂਬੁਖਾਰੇ, ਮੁੱਠੀ ਭਰ ਬ੍ਰੋਕਲੀ ਦੇ ਫੁੱਲ, ਇੱਕ ਗਾਜਰ, ਮੁੱਠੀ ਭਰ ਸਟ੍ਰਾਬੇਰੀ, ਇੱਕ ਸੀਰਿਅਲ ਵਾਲੇ ਕਟੋਰੇ ਵਿੱਚ ਸਲਾਦ ਦੀ ਸਰਵਿੰਗ ਜਾਂ ਦੋ ਵੱਡੇ ਚਮਚੇ ਮਟਰ।

ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਖੁਰਾਕ ਵਿੱਚ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਦੇ ਹੋ। ਸਤਰੰਗੀ ਖਾਣੇ ਕਿਉਂ ਨਾ ਖਾਈਏ – ਤੁਹਾਨੂੰ ਵੱਖ-ਵੱਖ ਰੰਗਾਂ ਦੇ ਫਲ ਅਤੇ ਸਬਜ਼ੀਆਂ ਖਾ ਕੇ ਪੌਸ਼ਟਿਕ ਤੱਤਾਂ ਅਤੇ ਖਣਿਜਾਂ ਦਾ ਵਧੀਆ ਮਿਸ਼ਰਣ ਮਿਲ ਸਕਦਾ ਹੈ।

ਕੋਸ਼ਿਸ਼ ਕਰੋ ਕਿ ਇੱਕ ਦਿਨ ਵਿੱਚ 150 ਮਿਲੀਲਿਟਰ ਤੋਂ ਵੱਧ ਫਲਾਂ ਦੇ ਜੂਸ ਜਾਂ ਸਮੂਦੀ ਨਾ ਪੀਓ – ਇਹਨਾਂ ਪੀਣ ਵਾਲੇ ਪਦਾਰਥਾਂ ਵਿਚਲੀ ਖੰਡ ਤੇਜ਼ੀ ਨਾਲ ਹਜ਼ਮ ਹੁੰਦੀ ਹੈ ਅਤੇ ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦੀ ਹੈ।

ਚੰਗੇ ਦਾ ਸਵਾਗਤ ਕਰੋ, ਮਾੜੇ ਨੂੰ ਕਹੋ ਅਲਵਿਦਾ (ਚਰਬੀ)

ਇਹ ਸਿੱਖਣ ਨਾਲ ਕਿ ਕਿਹੜੀ ਚਰਬੀ ਚੰਗੀ ਹੁੰਦੀ ਹੈ ਅਤੇ ਕਿਹੜੀ ਤੁਹਾਡੇ ਲਈ ਬਹੁਤ ਚੰਗੀ ਨਹੀਂ ਹੁੰਦੀ, ਤੁਹਾਨੂੰ ਆਪਣੀ ਖੁਰਾਕ ਨੂੰ ਸਮਝਣ ਅਤੇ ਖਾਣੇ ਦੀ ਯੋਜਨਾ ਬਣਾਉਣ ਪ੍ਰਤੀ ਆਪਣੀ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।

ਚਰਬੀ ਵਾਲੇ ਭੋਜਨਾਂ ਨੂੰ ਪੂਰੀ ਤਰ੍ਹਾਂ ਨਾਲ ਕੱਟ ਦੇਣਾ ਬੇਹੱਦ ਮੁਸ਼ਕਲ ਹੈ ਅਤੇ ਇਸ ਸਲਾਹ ਵਿਰਲੀ ਹੀ ਦਿੱਤੀ ਜਾਂਦੀ ਹੈ, ਪਰ ਸੰਤ੍ਰਿਪਤ ਚਰਬੀ (ਜਿਵੇਂ ਕਿ ਮੱਖਣ, ਬਿਸਕੁਟ, ਚਾਕਲੇਟ, ਬੇਕਨ ਅਤੇ ਪਨੀਰ) ਨੂੰ ਕਦੇ-ਕਦਾਈਂ ਦਾਅਵਤ ਵਜੋਂ ਵਰਤੋ ਅਤੇ ਇਸ ਦੀ ਬਜਾਏ ਓਮੇਗਾ-3 ਚਰਬੀ ਨੂੰ ਸ਼ਾਮਲ ਕਰਨ ਵੱਲ ਧਿਆਨ ਦਿਓ। ਇਹ ਤੇਲਯੁਕਤ ਮੱਛੀ ਜਿਵੇਂ ਕਿ ਮੈਕੇਰਲ ਅਤੇ ਸਾਮਨ, ਅਤੇ ਗਿਰੀਦਾਰ ਮੇਵਿਆਂ, ਬੀਜਾਂ ਅਤੇ ਪੌਦਿਆਂ-ਅਧਾਰਤ ਤੇਲਾਂ ਜਿਵੇਂ ਕਿ ਅਲਸੀ, ਸੋਇਆਬੀਨ ਅਤੇ ਰੇਪਸੀਡ ਤੇਲ ਵਿੱਚ ਮਿਲਦੇ ਹਨ।

ਆਪਣੀ ਖੁਰਾਕ ਵਿੱਚ ਚਰਬੀ ਦੀ ਮਾਤਰਾ ਨੂੰ ਘਟਾਉਣ ਲਈ ਤੁਸੀਂ ਇਹ ਕਰਕੇ ਦੇਖ ਸਕਦੇ ਹੋ:

 • ਆਪਣੇ ਭੋਜਨ ਨੂੰ ਮੱਖਣ ਜਾਂ ਤੇਲ ਵਿੱਚ ਤਲਣ ਦੀ ਬਜਾਏ ਭਾਫ਼ ਵਿੱਚ ਪਕਾਉਣਾ (ਸਟੀਮ ਕਰਨਾ), ਉਬਾਲਣਾ, ਗਰਿੱਲ ਕਰਨਾ ਜਾਂ ਪੋਚ ਕਰਨਾ (ਉਬਲਦੇ ਪਾਣੀ ਵਿੱਚ ਪਕਾਉਣਾ)
 • ਟੇਕਅਵੇਅ (ਬਣੇ-ਬਣਾਏ) ਅਤੇ ਤਲੇ ਹੋਏ ਭੋਜਨਾਂ ਵਿੱਚ ਕਟੌਤੀ ਕਰਨਾ
 • ਘੱਟ ਚਰਬੀ ਵਾਲੇ ਮੀਟ ਦੀ ਚੋਣ ਕਰਨਾ (ਜਿਹਨਾਂ ਵਿੱਚ ਬਹੁਤੀ ਚਰਬੀ ਨਹੀਂ ਹੁੰਦੀ) ਜਿਵੇਂ ਕਿ ਚਿਕਨ ਜਾਂ ਟਰਕੀ, ਜਾਂ ਖਾਣਾ ਪਕਾਉਣ ਤੋਂ ਪਹਿਲਾਂ ਮੀਟ ਤੋਂ ਚਰਬੀ ਅਤੇ ਚਮੜੀ ਨੂੰ ਲਾਹੁਣਾ
 • ਘੱਟ ਚਰਬੀ ਵਾਲੇ ਡੇਅਰੀ ਉਤਪਾਦਾਂ ਜਿਵੇਂ ਕਿ ਸਕਿਮਡ ਦੁੱਧ ਜਾਂ ਘੱਟ ਚਰਬੀ ਵਾਲਾ ਦਹੀਂ ਚੁਣਨਾ

ਫ਼ਾਈਬਰ (ਰੇਸ਼ੇ) ਨਾਲ ਪੇਟ ਭਰਨਾ

ਆਪਣੀ ਖੁਰਾਕ ਵਿੱਚ ਵਧੇਰੇ ਫ਼ਾਈਬਰ ਨੂੰ ਸ਼ਾਮਲ ਕਰਨਾ ਪਾਚਨ ਅਤੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ। ਫ਼ਾਈਬਰ ਦੇ ਸਭ ਤੋਂ ਵਧੀਆ, ਸਭ ਤੋਂ ਵੱਧ ਪ੍ਰਾਪਤ ਕਰਨ ਯੋਗ ਸਰੋਤ ਪੌਦੇ-ਅਧਾਰਤ ਭੋਜਨਾਂ ਵਿੱਚ ਮਿਲਦੇ ਹਨ। ਇਸ ਵਿੱਚ ਸਬਜ਼ੀਆਂ, ਫਲ, ਫਲੀਆਂ, ਦਾਲਾਂ, ਓਟਸ ਅਤੇ ਅਨਾਜ ਸ਼ਾਮਲ ਹਨ। ਹਾਲਾਂਕਿ, ਆਲੂ, ਗਾਜਰ ਅਤੇ ਸ਼ਲਗਮ ਵਰਗੀਆਂ ਜੜ੍ਹਾਂ ਵਾਲੀਆਂ ਸਬਜ਼ੀਆਂ ਵਿੱਚ ਆਮ ਤੌਰ ‘ਤੇ ਬਹੁਤ ਜ਼ਿਆਦਾ ਫ਼ਾਈਬਰ ਨਹੀਂ ਹੁੰਦਾ ਹੈ।

ਤੁਸੀਂ ਆਮ ਬ੍ਰੈੱਡ ਜਾਂ ਰੋਟੀ, ਚੌਲ ਜਾਂ ਪਾਸਤੇ ਦੀ ਜਗ੍ਹਾ ਸਾਬਤ ਅਨਾਜ ਵਾਲੇ ਭੋਜਨ ਜਾਂ ‘ਭੂਰੇ’ ਭੋਜਨ ਵਰਤ ਕੇ ਆਪਣੇ ਕੁਝ ਮਨਪਸੰਦ ਖਾਣਿਆਂ ਵਿੱਚ ਫ਼ਾਈਬਰ ਸ਼ਾਮਲ ਕਰ ਸਕਦੇ ਹੋ – ਇਹ ਬਦਲਾਅ ਬੜਾ ਅਸਾਨ ਹੁੰਦਾ ਹੈ!

ਇਹ ਪੱਕਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਸਾਰੇ ਖਾਣਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਫ਼ਾਈਬਰ ਭਰਪੂਰ ਭੋਜਨ ਹੋਵੇ – ਨਾ ਕਿ ਸਿਰਫ਼ ਮਾਸ ਅਤੇ ਆਲੂ!

ਬਿਹਤਰ ਆਦਤਾਂ ਪਾਓ

ਵਧੇਰੇ ਸਿਹਤਮੰਦ ਭੋਜਨ ਖਾਣਾ ਮੁਸ਼ਕਲ ਹੋ ਸਕਦਾ ਹੈ, ਪਰ ਕੁਝ ਛੋਟੀਆਂ-ਮੋਟੀਆਂ ਤਬਦੀਲੀਆਂ ਨਾਲ ਤੁਹਾਡੀ ਖੁਰਾਕ ਵਿੱਚ ਵੱਡਾ ਫ਼ਰਕ ਆ ਸਕਦਾ ਹੈ।

ਜਿੰਨਾ ਹੋ ਸਕੇ ਚੰਗਾ ਖਾਣ ਦੀ ਕੋਸ਼ਿਸ਼ ਕਰੋ, ਪਰ ਜੇ ਕੋਈ ਅਜਿਹੇ ਦਿਨ ਹੋਣ ਜਦੋਂ ਇਹ ਸੰਭਵ ਨਾ ਹੋਵੇ ਤਾਂ ਚਿੰਤਾ ਨਾ ਕਰੋ। ਇਸ ਦੀ ਬਜਾਏ, ਲੰਬੇ ਸਮੇਂ ਦੀਆਂ ਜ਼ਿਆਦਾ ਵਧੀਆ ਆਦਤਾਂ ਪਾਉਣ ‘ਤੇ ਫ਼ੋਕਸ ਕਰੋ, ਅਤੇ ਇਹ ਪੱਕਾ ਕਰੋ ਕਿ ਤੁਹਾਡੀਆਂ ਅਲਮਾਰੀਆਂ ਸਿਹਤਮੰਦ ਭੋਜਨ ਨਾਲ ਭਰੀਆਂ ਹੋਈਆਂ ਹੋਣ। ਇਸ ਨਾਲ ਸਿਹਤਮੰਦ ਖਾਣਾ ਇੱਕ ਲੰਬੇ ਸਮੇਂ ਦਾ, ਟਿਕਾਊ ਟੀਚਾ ਬਣ ਜਾਵੇਗਾ, ਅਤੇ ਸਿਹਤਮੰਦ ਭੋਜਨ ਖਾਣਾ ਛੇਤੀ ਹੀ ਤੁਹਾਡੀ ਰੋਜ਼ਮਰ੍ਹਾ ਦੀ ਰੁਟੀਨ ਦਾ ਹਿੱਸਾ ਬਣ ਜਾਵੇਗਾ।

ਆਪਣੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਲਈ ਆਪਣੇ ਆਪ ਲਈ ਛੋਟੇ, ਪ੍ਰਾਪਤ ਕਰਨ ਯੋਗ ਟੀਚੇ ਤੈਅ ਕਰੋ। ਉਦਾਹਰਣ ਲਈ, ਚਾਕਲੇਟ, ਟੇਕਅਵੇਅ (ਪੈਕ ਕੀਤੇ ਭੋਜਨ ਘਰ ਲਿਆਉਣ), ਅਲਕੋਹਲ, ਗੈਸੀ ਡ੍ਰਿੰਕ, ਅਤੇ ਪਾਈ ਵਗੈਰਾ ਨੂੰ ਇੱਕੋ ਵਾਰ ਵਿੱਚ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ। ਹੌਲੀ-ਹੌਲੀ ਅਤੇ ਇੱਕ ਵਾਰ ਵਿੱਚ ਇੱਕ ਚੀਜ਼ ਨੂੰ ਘਟਾਓ, ਉਸ ਰਫ਼ਤਾਰ ਨਾਲ ਕਰੋ ਜੋ ਤੁਹਾਡੇ ਲਈ ਕੰਮ ਕਰਦੀ ਹੋਵੇ।

ਸਨੈਕ ਖਾਂਦੇ ਸਮੇਂ, ਬਿਸਕੁਟ, ਚਾਕਲੇਟ ਜਾਂ ਮਿਠਾਈਆਂ, ਅਤੇ ਕੁਰਕੁਰੇ ਜਾਂ ਚਿਪਸ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਏ ਫਲਾਂ ਅਤੇ ਸਬਜ਼ੀਆਂ, ਗਿਰੀਦਾਰ ਮੇਵਿਆਂ, ਜਾਂ ਨਮਕ ਰਹਿਤ ਪੌਪਕੌਰਨ ਦੀ ਚੋਣ ਕਰੋ। ਤੁਸੀਂ ਸੁਆਦਾਂ ਅਤੇ ਟੈਕਸਚਰ ਨੂੰ ਵਧਾਉਣ ਲਈ ਘਰ ਦੇ ਬਣੇ ਹਿਉਮਸ ਜਾਂ ਅਲਸੀ ਦੇ ਬੀਜਾਂ ਵਰਗੇ ਹੋਰ ਭੋਜਨਾਂ ਨੂੰ ਸ਼ਾਮਲ ਕਰ ਸਕਦੇ ਹੋ।

ਨਿਯਮਤ ਭੋਜਨ ਨਿਯਮਤ ਸਮੇਂ ਤੇ ਖਾਣ ਦੀ ਕੋਸ਼ਿਸ਼ ਕਰੋ – ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ। ਇਸ ਨਾਲ ਤੁਹਾਨੂੰ ਪੇਟ ਭਰਿਆ ਮਹਿਸੂਸ ਹੋਣ ਵਿੱਚ ਮਦਦ ਮਿਲੇਗੀ, ਇਸ ਲਈ ਤੁਸੀਂ ਦਿਨ ਭਰ ਵਿੱਚ ਬਹੁਤੇ ਜ਼ਿਆਦਾ ਸਨੈਕ ਨਹੀਂ ਲਓਗੇ, ਅਤੇ ਆਪਣੇ ਭੋਜਨ ਦੀ ਯੋਜਨਾ ਬਣਾਉਣਾ ਅਤੇ ਉਸ ਦਾ ਪ੍ਰਬੰਧਨ ਕਰਨਾ ਅਸਾਨ ਹੋ ਜਾਵੇਗਾ।

ਹਮੇਸ਼ਾ ਯਾਦ ਰੱਖੋ ਕਿ ਸਿਹਤਮੰਦ ਭੋਜਨ ਖਾਣ ਦਾ ਮਤਲਬ ਤੁਹਾਡੇ ਬਾਥਰੂਮ ਵਿੱਚ ਪਈ ਭਾਰ ਤੋਲਣ ਵਾਲੀ ਮਸ਼ੀਨ ਉੱਪਰਲੇ ਨੰਬਰ ਤੋਂ ਵੱਧ ਕੇ ਹੈ। ਜੇ ਤੁਹਾਡੇ ਡਾਕਟਰ ਨੇ ਭਾਰ ਘਟਾਉਣ ਜਾਂ ਵਧਣ ਦੀ ਸਿਫ਼ਾਰਸ਼ ਕੀਤੀ ਹੈ, ਤਾਂ ਹਾਲਾਂਕਿ ਤੁਹਾਡੇ ਭਾਰ ਨੂੰ ਟ੍ਰੈਕ ਕਰਨ ਵਿੱਚ ਮਦਦ ਤਾਂ ਮਿਲ ਸਕਦੀ ਹੈ, ਪਰ ਇਹ ਨਿਰਣਾ ਕਰਨ ਦੇ ਹੋਰ ਵੀ ਤਰੀਕੇ ਹਨ ਕਿ ਤੁਹਾਡੀ ਖੁਰਾਕ ਵਿੱਚ ਸੁਧਾਰ ਹੋਇਆ ਹੈ ਜਾਂ ਨਹੀਂ। ਸਿਹਤਮੰਦ ਖੁਰਾਕ ਦੇ ਦੂਜੇ ਸੰਕੇਤ ਲੱਭੋ – ਹੋਰ ਜ਼ਿਆਦਾ ਊਰਜਾ, ਪਹਿਲਾਂ ਨਾਲੋਂ ਘੱਟ ਖੋਹ ਪੈਣਾ, ਵਧੀ ਹੋਈ ਫ਼ਿਟਨੈੱਸ, ਸਮੇਂ ਦੇ ਨਾਲ ਮੂਡ ਵਿੱਚ ਸੁਧਾਰ, ਅਤੇ ਨਿਯਮਤ ਮਲ ਤਿਆਗ।

ਇਸਨੂੰ ਇਕੱਲਿਆਂ ਕਰਨਾ ਔਖਾ ਹੋ ਸਕਦਾ ਹੈ, ਤਾਂ ਕਿਉਂ ਨਾ ਕਿਸੇ ਦੋਸਤ ਜਾਂ ਪਰਿਵਾਰ ਦੇ ਜੀਅ ਨੂੰ ਸਿਹਤਮੰਦ ਭੋਜਨ ਖਾਣ ਦੇ ਆਪਣੇ ਸਫ਼ਰ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਵੇ? ਗੱਲ ਕਰਨ ਲਈ ਕਿਸੇ ਦਾ ਕੋਲ ਹੋਣਾ ਅਤੇ ਕਿਸੇ ਤੋਂ ਸਹਿਯੋਗ ਲੈ ਸਕਣਾ ਵਾਕਈ ਮਦਦ ਕਰ ਸਕਦਾ ਹੈ।

ਹਾਈਡ੍ਰੇਟਿਡ ਰਹੋ

ਚੰਗੀ ਤਰ੍ਹਾਂ ਖਾਣਾ ਖਾਣ ਤੋਂ ਇਲਾਵਾ, ਤੁਹਾਡੇ ਸਰੀਰ ਨੂੰ ਚੰਗੀ ਤਰ੍ਹਾਂ ਪਾਣੀ ਜਾਂ ਤਰਲ ਪਦਾਰਥਾਂ ਭਰਪੂਰ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।

ਦਿਨ ਵਿੱਚ 6-8 ਗਲਾਸ ਅਲਕੋਹਲ-ਰਹਿਤ ਤਰਲ ਚੀਜ਼ਾਂ ਪੀਣ ਦੀ ਕੋਸ਼ਿਸ਼ ਕਰੋ। ਪਾਣੀ ਸਭ ਤੋਂ ਵਧੀਆ ਹੁੰਦਾ ਹੈ, ਪਰ ਘੱਟ ਚਰਬੀ ਵਾਲਾ ਦੁੱਧ, ਖੰਡ ਰਹਿਤ ਡ੍ਰਿੰਕ, ਹਰਬਲ ਜਾਂ ਫਲਾਂ ਵਾਲੀ ਚਾਹ, ਅਤੇ ਕੈਫ਼ੀਨ ਰਹਿਤ ਚਾਹ ਜਾਂ ਕੌਫ਼ੀ ਵੀ ਤੁਹਾਡੇ ਤਰਲ ਪਦਾਰਥਾਂ ਦੇ ਕੁੱਲ ਸੇਵਨ ਵਿੱਚ ਗਿਣੇ ਜਾਂਦੇ ਹਨ। (ਕੈਫ਼ੀਨ ਵਾਲੀ ਚਾਹ ਅਤੇ ਕੌਫ਼ੀ ਸਰੀਰ ਵਿੱਚ ਤਰਲ ਪਦਾਰਥਾਂ ਦੇ ਸੋਖਣ ਵਿੱਚ ਸਹਾਇਕ ਨਹੀਂ ਹੁੰਦੇ, ਕਿਉਂਕਿ ਕੈਫ਼ੀਨ ਨਾਲ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ)।

ਜੇ ਤੁਸੀਂ ਦਿਨ ਦੇ ਦੌਰਾਨ ਘਰ ਤੋਂ ਬਾਹਰ ਘੁੰਮ-ਫਿਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਆਪਣੇ ਨਾਲ ਇੱਕ ਰੀਫ਼ਿਲ ਕਰਨ ਯੋਗ ਪਾਣੀ ਦੀ ਬੋਤਲ ਰੱਖੋ ਤਾਂ ਜੋ ਤੁਸੀਂ ਇਸਨੂੰ ਭਰਦੇ ਰਹੋ। ਜੇ ਤੁਸੀਂ ਘਰ ਵਿੱਚ ਹੋ, ਤਾਂ ਹਰ ਘੰਟੇ ਵਿੱਚ ਇੱਕ ਵਾਰ ਆਪਣੇ ਪਾਣੀ ਦੇ ਗਲਾਸ ਨੂੰ ਉਦੋਂ ਤਕ ਭਰੋ ਜਦੋਂ ਤਕ ਤੁਸੀਂ 6-8 ਗਲਾਸਾਂ ਦੇ ਆਪਣੇ ਟੀਚੇ ‘ਤੇ ਨਹੀਂ ਪਹੁੰਚ ਜਾਂਦੇ ਹੋ।

ਅਲਕੋਹਲ

ਬਹੁਤ ਜ਼ਿਆਦਾ ਅਲਕੋਹਲ ਤੁਹਾਡੀ ਸਿਹਤ ਲਈ ਮਾੜੀ ਹੁੰਦੀ ਹੈ ਅਤੇ ਦਿਲ ਦੀ ਬਿਮਾਰੀ, ਸਟ੍ਰੋਕ, ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦੇ ਤੁਹਾਡੇ ਜੋਖਮ ਨੂੰ ਵਧਾ ਸਕਦੀ ਹੈ। ਇਸ ਨਾਲ ਤੁਹਾਡਾ ਮੂਡ (ਮਨੋਦਸ਼ਾ) ਵੀ ਖਰਾਬ ਹੋ ਸਕਦਾ ਹੈ, ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ, ਅਤੇ ਨਤੀਜੇ ਵਜੋਂ ਵਰਤਮਾਨ ਸਿਹਤ ਸਮੱਸਿਆਵਾਂ ਵਿਗੜ ਸਕਦੀਆਂ ਹਨ।

ਅਲਕੋਹਲ ‘ਚ ‘ਖਾਲੀ ਕੈਲੋਰੀਜ਼’ ਵੀ ਭਰਪੂਰ ਹੁੰਦੀਆਂ ਹਨ। ਇਸਦਾ ਮਤਲਬ ਹੈ ਕਿ ਇਸ ਵਿੱਚ ਬਹੁਤ ਸਾਰੀ ਊਰਜਾ ਹੁੰਦੀ ਹੈ, ਪਰ ਤੁਹਾਡੇ ਸਰੀਰ ਨੂੰ ਤਾਕਤ ਦੇਣ ਲਈ ਲੋੜੀਂਦੇ ਵਿਟਾਮਿਨ, ਖਣਿਜ ਜਾਂ ਪੌਸ਼ਟਿਕ ਤੱਤ ਨਹੀਂ ਹੁੰਦੇ ਹਨ।

ਅਲਕੋਹਲ ਤੋਂ ਹੋਣ ਵਾਲੇ ਸਿਹਤ ਸਬੰਧੀ ਖਤਰਿਆਂ ਨੂੰ ਘੱਟ ਪੱਧਰ ਤਕ ਰੱਖਣ ਲਈ, ਨਿਯਮਤ ਅਧਾਰ ‘ਤੇ ਹਫ਼ਤੇ ਵਿੱਚ 14 ਯੂਨਿਟਾਂ ਤੋਂ ਵੱਧ ਨਾ ਪੀਣਾ ਸਭ ਤੋਂ ਵਧੀਆ ਰਹਿੰਦਾ ਹੈ। ਜੇ ਤੁਸੀਂ ਇੱਕ ਹਫ਼ਤੇ ਵਿੱਚ 14 ਯੂਨਿਟ ਪੀਂਦੇ ਹੋ, ਤਾਂ ਉਹਨਾਂ ਨੂੰ 3 ਜਾਂ ਵੱਧ ਦਿਨਾਂ ਵਿੱਚ ਵੰਡ ਲਓ।

ਇੱਕ ਯੂਨਿਟ ਦੀ ਮਾਤਰਾ ਇੰਝ ਹੁੰਦੀ ਹੈ:

 • 218 ਮਿਲੀਲਿਟਰ ਸਾਈਡਰ
 • 76 ਮਿਲੀਲਿਟਰ ਵਾਈਨ
 • 25 ਮਿਲੀਲਿਟਰ ਵਿਸਕੀ
 • 250 ਮਿਲੀਲਿਟਰ ਬੀਅਰ
 • 250 ਮਿਲੀਲਿਟਰ ਐਲਕੋਪੌਪ

ਆਪਣੇ ਅਲਕੋਹਲ ਦੇ ਸੇਵਨ ਨੂੰ ਘਟਾਉਣ ਦੇ ਤਰੀਕੇ ਬਾਰੇ ਸਲਾਹ ਲਈ ਡ੍ਰਿੰਕਅਵੇਅਰ ਵੈੱਬਸਾਈਟ ‘ਤੇ ਜਾਓ ਜਾਂ 0300 123 1110 ‘ਤੇ ਡ੍ਰਿੰਕਲਾਈਨ (Drinkline) ਨੂੰ ਮੁਫ਼ਤ ਵਿੱਚ ਫ਼ੋਨ ਕਰੋ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
 • Was this helpful ?
 • YesNo