Skip to main content

ਬਲੈਡਰ (ਮਸਾਨਾ) ਅਤੇ ਅੰਤੜੀਆਂ

ਬਹੁਤ ਸਾਰੀਆਂ ਸਥਿਤੀਆਂ ਤੁਹਾਡੇ ਬਲੈਡਰ (ਮਸਾਨੇ) ਅਤੇ ਅੰਤੜੀਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਉਦਾਹਰਣ ਲਈ:

  • ਸਟ੍ਰੋਕ ਤੁਹਾਡੇ ਬਲੈਡਰ ਅਤੇ/ਜਾਂ ਅੰਤੜੀਆਂ ਨੂੰ ਕੰਟ੍ਰੋਲ ਕਰਨ ਵਾਲੇ ਨਸਾਂ ਦੇ ਮਾਰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ
  • ਲੰਬਾ ਕੋਵਿਡ ਇਰੀਟੇਬਲ ਬਾਓਲ ਸਿੰਡ੍ਰੋਮ ਦੇ ਨਾਲ ਹੋ ਸਕਦਾ ਹੈ, ਜੋ ਆਮ ਤੌਰ ‘ਤੇ ਸਮੇਂ ਦੇ ਨਾਲ ਠੀਕ ਹੋ ਜਾਂਦਾ ਹੈ
  • ਸਾਹ ਸਬੰਧੀ ਕੁਝ ਸਥਿਤੀਆਂ ਅਸੰਜਮ (ਕੰਟ੍ਰੋਲ ਨਾ ਕਰ ਸਕਣ) ਨੂੰ ਬਦਤਰ ਬਣਾ ਸਕਦੀਆਂ ਹਨ

ਇਸ ਨਾਲ ਅਸੰਜਮ ਪੈਦਾ ਹੋ ਸਕਦਾ ਹੈ (ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਕੰਟ੍ਰੋਲ ਕਰਨ ਵਿੱਚ ਅਸਮਰੱਥਤਾ), ਜਾਂ ਇਸ ਨਾਲ ਦਸਤ (ਢਿੱਲੀ, ਪਤਲੀ ਟੱਟੀ) ਜਾਂ ਕਬਜ਼ (ਮਲ ਤਿਆਗ ਕਰਨ ਵਿੱਚ ਮੁਸ਼ਕਲ) ਵਰਗੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਬਲੈਡਰ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨਾ ਮੁਸ਼ਕਲ, ਅਤੇ ਸ਼ਾਇਦ ਸ਼ਰਮਨਾਕ ਹੋ ਸਕਦਾ ਹੈ, ਪਰ ਜੇ ਤੁਹਾਨੂੰ ਟਾਇਲਟ ਜਾਣ ਸਬੰਧੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਕਿਸੇ ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰ ਨੂੰ ਦੱਸਣ ਤੋਂ ਡਰਨਾ ਨਹੀਂ ਚਾਹੀਦਾ। ਇਹ ਸਮੱਸਿਆਵਾਂ ਤੁਹਾਡੀ ਤੰਦਰੁਸਤੀ ‘ਤੇ ਵੱਡਾ ਪ੍ਰਭਾਵ ਪਾ ਸਕਦੀਆਂ ਹਨ, ਅਤੇ ਜੇ ਤੁਸੀਂ ਇਹਨਾਂ ਬਾਰੇ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰਦੇ ਹੋ ਤਾਂ ਇਹਨਾਂ ਦਾ ਅਕਸਰ ਇਲਾਜ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਨਾਲ ਨਜਿੱਠਿਆ ਜਾ ਸਕਦਾ ਹੈ।

ਪਿਸ਼ਾਬ ਵਿੱਚ ਅਸੰਜਮ

ਪਿਸ਼ਾਬ ਵਿੱਚ ਅਸੰਜਮ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਪਿਸ਼ਾਬ ਕਰਨ ਵੇਲੇ ਕੰਟਰੋਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਤੁਹਾਨੂੰ ਵਧੇਰੇ ਵਾਰ ਪਿਸ਼ਾਬ ਕਰਨ ਦੀ ਲੋੜ ਪੈਂਦੀ ਹੈ, ਜਾਂ ਜਦੋਂ ਤੁਸੀਂ ਹੱਸਦੇ, ਖੰਘਦੇ ਜਾਂ ਜ਼ੋਰ ਲਾਉਂਦੇ ਹੋ ਤਾਂ ਪਿਸ਼ਾਬ ਨਿਕਲ ਜਾਂਦਾ ਹੈ। ਕੁਝ ਮਾਮਲਿਆਂ ਵਿੱਚ, ਜਦੋਂ ਤੁਸੀਂ ਪਿਸ਼ਾਬ ਕਰਦੇ ਹੋ ਤਾਂ ਸ਼ਾਇਦ ਤੁਸੀਂ ਬਿਲਕੁਲ ਵੀ ਕੰਟਰੋਲ ਨਾ ਕਰ ਸਕਦੇ ਹੋਵੋ।

ਕਈ ਤਰ੍ਹਾਂ ਦੇ ਪੈਡ, ਅੰਡਰਵੀਅਰ ਇਨਸਰਟ, ਅਤੇ ਖਾਸ ਤੌਰ ‘ਤੇ ਡਿਜ਼ਾਈਨ ਕੀਤੇ ਅੰਡਰਵੀਅਰ ਹੁੰਦੇ ਹਨ ਜੋ ਤੁਹਾਡੇ ਪਿਸ਼ਾਬ ਕਰਦੇ ਸਮੇਂ ਕੰਟ੍ਰੋਲ ਨਾ ਕਰ ਸਕਣ ਦੀ ਸਥਿਤੀ ਵਿੱਚ ਨਿਕਲ ਗਏ ਪਿਸ਼ਾਬ ਨੂੰ ਸੋਖ ਸਕਦੇ ਹਨ। ਹਾਲ ਹੀ ਦੇ ਸਾਲਾਂ ਵਿੱਚ ਇਹਨਾਂ ਵਿੱਚ ਵੱਡੀ ਤਬਦੀਲੀ ਆ ਗਈ ਹੈ – ਅਸੰਜਮ ਲਈ ਅਸਾਨੀ ਨਾਲ ਉਪਲਬਧ ਬਹੁਤ ਸਾਰੇ ਪੈਡ ਪਤਲੇ, ਰੁਕਾਵਟ ਨਾ ਪਾਉਣ ਵਾਲੇ, ਅਤੇ ਅਰਾਮਦੇਹ ਹੁੰਦੇ ਹਨ, ਅਤੇ ਤੁਸੀਂ ਅਸੰਜਮ ਵਾਲਾ ਅੰਡਰਵੀਅਰ ਵੀ ਖਰੀਦ ਸਕਦੇ ਹੋ ਜੋ ਕਿ ਆਮ ਅੰਡਰਵੀਅਰ ਵਰਗਾ ਹੀ ਦਿਖਾਈ ਦਿੰਦਾ ਹੈ। ਜ਼ਿਆਦਾਤਰ ਫ਼ਾਰਮੇਸੀਆਂ ਔਰਤਾਂ ਦੇ ਹਾਈਜੀਨ ਉਤਪਾਦਾਂ ਦੇ ਨਾਲ ਜਾਂ ਨੇੜੇ ਹੀ ਪਿਸ਼ਾਬ ਵਿੱਚ ਅਸੰਜਮ ਵਾਲੇ ਪੈਡਾਂ ਦਾ ਸਟਾਕ ਰੱਖਦੀਆਂ ਹਨ।

ਤੁਹਾਨੂੰ ਸ਼ਾਇਦ ਅਜਿਹੀਆਂ ਕਸਰਤਾਂ ਕਰਨ ਦੀ ਵੀ ਸਲਾਹ ਦਿੱਤੀ ਜਾਵੇ ਜੋ ਤੁਹਾਡੇ ਬਲੈਡਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ, ਜਾਂ ਪੇਡੂ (ਪੈਲਵਿਕ) ਦੇ ਅਧਾਰ ਨੂੰ ਮਜ਼ਬੂਤ ਬਣਾ ਸਕਦੀਆਂ ਹਨ – ਉਹ ਮਾਸਪੇਸ਼ੀਆਂ ਜਿਹਨਾਂ ਨਾਲ ਤੁਹਾਡੇ ਮੂਤਰ ਮਾਰਗ, ਗੁਦਾ, ਅਤੇ ਜਣਨ ਅੰਗ ਘਿਰੇ ਹੁੰਦੇ ਹਨ।

ਜੇ ਤੁਹਾਨੂੰ ਆਮ ਨਾਲੋਂ ਜ਼ਿਆਦਾ ਵਾਰ ਪਿਸ਼ਾਬ ਕਰਨ ਦੀ ਲੋੜ ਹੁੰਦੀ ਹੈ, ਪਰ ਤੁਸੀਂ ਇਸ ਨੂੰ ਘੱਟ ਤੋਂ ਘੱਟ ਥੋੜ੍ਹੇ ਸਮੇਂ ਲਈ ਰੋਕ ਸਕਦੇ ਹੋ, ਤਾਂ ਆਪਣੇ ਤਰਲ ਪਦਾਰਥਾਂ ਦੇ ਸੇਵਨ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਨਾਲ ਮਦਦ ਮਿਲ ਸਕਦੀ ਹੈ ਕਿ ਜਦੋਂ ਵੀ ਸੰਭਵ ਹੋਵੇ ਤੁਸੀਂ ਟਾਇਲਟ ਦੇ ਨੇੜੇ ਹੋਵੋ। ਤੁਹਾਨੂੰ ਚਾਹ ਅਤੇ ਕੌਫ਼ੀ ਜੋ ਕਿ ਡਾਇਯੂਰੈਟਿਕ ਹੁੰਦੇ ਹਨ (ਭਾਵ ਇਹਨਾਂ ਨਾਲ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ) ਤੋਂ ਪਰਹੇਜ਼ ਕਰਨ, ਅਤੇ ਅਲਕੋਹਲ ਦੀ ਖਪਤ ਨੂੰ ਘਟਾਉਣ ਨਾਲ ਸ਼ਾਇਦ ਮਦਦ ਮਿਲੇ।

ਮਲ ਤਿਆਗ ਵਿੱਚ ਅਸੰਜਮ

ਮਲ ਤਿਆਗ ਵਿੱਚ ਅਸੰਜਮ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਮਲ ਤਿਆਗ ਕਰਦੇ ਸਮੇਂ ਕੰਟ੍ਰੋਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਆਮ ਤੌਰ ‘ਤੇ ਇਸ ਲਈ ਕਿਉਂਕਿ ਸਫ਼ਿੰਕਟਰਾਂ ਦੀਆਂ ਮਾਸਪੇਸ਼ੀਆਂ ਜਾਂ ਨਸਾਂ ਵਿੱਚ ਕੋਈ ਸਮੱਸਿਆ ਹੁੰਦੀ ਹੈ।

ਸਫ਼ਿੰਕਟਰ (ਇਹ ਦੋ ਹੁੰਦੇ ਹਨ – ਅੰਦਰਲਾ ਅਤੇ ਬਾਹਰਲਾ) ਗੁਦਾ ਦੇ ਆਲੇ-ਦੁਆਲੇ ਮਾਸਪੇਸ਼ੀਆਂ ਦੇ ਚੱਕਰ ਹੁੰਦੇ ਹਨ ਜੋ ਮਲ ਨੂੰ ਸਰੀਰ ਦੇ ਅੰਦਰ ਰੋਕ ਕੇ ਰੱਖਣ, ਜਾਂ ਇਸ ਨੂੰ ਬਾਹਰ ਧੱਕਣ ਲਈ ਕੱਸਦੇ ਅਤੇ ਢਿੱਲੇ ਹੁੰਦੇ ਹਨ। ਮਾਸਪੇਸ਼ੀਆਂ ਜਾਂ ਉਹਨਾਂ ਨੂੰ ਕੰਟ੍ਰੋਲ ਕਰਨ ਵਾਲੀਆਂ ਨਸਾਂ ਨੂੰ ਨੁਕਸਾਨ ਹੋਣ ਤੋਂ ਬਾਅਦ, ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਸਫ਼ਿੰਕਟਰ ਹੁਣ ਇਸ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰਦੇ ਹਨ। ਇਸ ਨਾਲ ਬਗੈਰ ਕੰਟ੍ਰੋਲ ਦੇ ਗੈਸ (ਪੱਦ ਮਾਰਨਾ) ਬਾਹਰ ਨਿਕਲ ਜਾਂਦੀ ਹੈ, ਜਾਂ ਗੁਦਾ ਤੋਂ ਤਰਲ ਜਾਂ ਠੋਸ ਮਲ ਲੀਕ ਹੋ ਸਕਦਾ ਹੈ।

ਤੁਸੀਂ ਮਲ ਤਿਆਗ ਵਿੱਚ ਅਸੰਜਮ ਲਈ ਖਾਸ ਤੌਰ ‘ਤੇ ਤਿਆਰ ਕੀਤੇ ਗਏ ਅਸੰਜਮ ਪੈਡ ਖਰੀਦ ਸਕਦੇ ਹੋ, ਜਿਹਨਾਂ ਨੂੰ ਮੁਸ਼ਕ ਦੇ ਅਸਰ ਨੂੰ ਘਟਾਉਣ ਲਈ ਖੁਸ਼ਬੂਦਾਰ ਬਣਾਇਆ ਹੋ ਸਕਦਾ ਹੈ ਜਾਂ ਜਿਹਨਾਂ ਉੱਪਰ ਕੋਈ ਹੋਰ ਉਪਚਾਰ ਕੀਤਾ ਹੋ ਸਕਦਾ ਹੈ। ਇਹ ਤੁਹਾਡੇ ਅੰਡਰਵੀਅਰ ਵਿੱਚ ਪਾਏ ਜਾਂਦੇ ਹਨ ਅਤੇ ਛੋਟੀ-ਮੋਟੀ ਲੀਕੇਜ ਨੂੰ ਸੋਖ ਲੈਂਦੇ ਹਨ।

ਤੁਹਾਨੂੰ ਸ਼ਾਇਦ ਇਹ ਪਤਾ ਲੱਗੇ ਕਿ ਖੁਰਾਕ ਤੁਹਾਡੇ ਅਸੰਜਮ ਨੂੰ ਪ੍ਰਭਾਵਤ ਕਰਦੀ ਹੈ। ਬਹੁਤ ਜ਼ਿਆਦਾ ਫ਼ਾਈਬਰ, ਕੈਫ਼ੀਨ, ਅਲਕੋਹਲ, ਜਾਂ ਨਕਲੀ ਮਿੱਠੇ ਤੁਹਾਡੀ ਟੱਟੀ ਨੂੰ ਢਿੱਲਾ ਕਰ ਸਕਦੇ ਹਨ, ਜਿਸ ਨਾਲ ਲੀਕ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ।

ਅਜਿਹੀਆਂ ਕਸਰਤਾਂ ਹਨ ਜੋ ਸਫ਼ਿੰਕਟਰਾਂ ਦੀਆਂ ਮਾਸਪੇਸ਼ੀਆਂ ਅਤੇ ਆਲੇ-ਦੁਆਲੇ ਦੀਆਂ ਪੇਡੂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ। ਇਸ ਨਾਲ ਅਸੰਜਮ ਨੂੰ ਬਹੁਤ ਅਸਰਦਾਰ ਢੰਗ ਨਾਲ ਘਟਾਇਆ ਜਾ ਸਕਦਾ ਹੈ।

ਜਿਵੇਂ ਕਿ ਪਿਸ਼ਾਬ ਦੇ ਅਸੰਜਮ ਵਿੱਚ ਹੁੰਦਾ ਹੈ, ਸਿਰਫ਼ ਇਹ ਪੱਕਾ ਕਰਨ ਨਾਲ ਜੀਵਨ ਕਿਤੇ ਵਧੇਰੇ ਸੁਖਾਲਾ ਬਣ ਸਕਦਾ ਹੈ ਕਿ ਤੁਸੀਂ ਟਾਇਲਟ ਤਕ ਛੇਤੀ ਪਹੁੰਚ ਸਕਦੇ ਹੋਵੋ।

ਕਬਜ਼

ਕਬਜ਼ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਮਲ ਤਿਆਗ ਕਰਨ ਲਈ ਜ਼ੋਰ ਲਾਉਣਾ ਪੈਂਦਾ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਤੁਹਾਡਾ ਮਲ ਬਹੁਤ ਸਖਤ ਹੁੰਦਾ ਹੈ ਅਤੇ ਇਸ ਵਿੱਚ ਬਥੇਰਾ ਤਰਲ ਨਹੀਂ ਹੁੰਦਾ, ਪਰ ਇਹ ਅਕਸਰ ਤਾਂ ਹੁੰਦਾ ਹੈ ਕਿਉਂਕਿ ਤੁਹਾਡੀ ਅੰਤੜੀ ਉਸ ਤਰੀਕੇ ਨਾਲ ਨਹੀਂ ਚਲਦੀ ਹੈ ਜਿਸ ਤਰ੍ਹਾਂ ਚੱਲਣਾ ਚਾਹੀਦਾ ਹੈ। ਸਟ੍ਰੋਕ ਤੋਂ ਬਾਅਦ ਇਹ ਆਮ ਹੁੰਦਾ ਹੈ, ਅਤੇ ਕੁਝ ਲੋਕਾਂ ਵਿੱਚ ਲੰਬੇ ਕੋਵਿਡ ਦੇ ਨਾਲ ਵੀ ਜੁੜਿਆ ਹੁੰਦਾ ਹੈ।

ਕਬਜ਼ ਬਹੁਤ ਦਰਦਨਾਕ ਹੋ ਸਕਦੀ ਹੈ, ਕਿਉਂਕਿ ਅੰਤੜੀ ਵਿੱਚ ਦਬਾਅ ਬਣ ਜਾਂਦਾ ਹੈ। ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਕਬਜ਼ ਕਰਕੇ ਜ਼ੋਰ ਸਬੰਧੀ ਸਮੱਸਿਆਵਾਂ ਬਣ ਸਕਦੀਆਂ ਹਨ, ਜਿਸ ਨਾਲ ਤੁਹਾਡੇ ਦਿਲ ‘ਤੇ ਦਬਾਅ ਪੈਂਦਾ ਹੈ ਅਤੇ ਤੁਹਾਡੇ ਮਲ ਦੁਆਰ ਅਤੇ ਗੁਦਾ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਾਲਾਂਕਿ, ਕਬਜ਼ ਲਈ ਬਹੁਤ ਸਾਰੇ ਅਸਰਦਾਰ ਇਲਾਜ ਹਨ।

  • ਵੱਧ-ਫ਼ਾਈਬਰ ਵਾਲੀ ਖੁਰਾਕ – ਜਿਸ ਵਿੱਚ ਬਹੁਤ ਸਾਰਾ ਛਾਣ, ਸੀਰਿਅਲ ਅਤੇ ਫਲ ਸ਼ਾਮਲ ਹੁੰਦੇ ਹਨ, ਤੁਹਾਡੇ ਮਲ ਨੂੰ ਢਿੱਲਾ ਕਰ ਸਕਦੀ ਹੈ, ਜਿਸ ਨਾਲ ਇਸ ਦਾ ਲੰਘਣਾ ਵਧੇਰੇ ਸੌਖਾ ਹੋ ਜਾਂਦਾ ਹੈ।
  • ਇਹ ਯਕੀਨੀ ਬਣਾਉਣ ਨਾਲ ਵੀ ਤੁਹਾਡੇ ਮਲ ਨੂੰ ਢਿੱਲਾ ਹੋਣ ਵਿੱਚ ਮਦਦ ਮਿਲ ਸਕਦੀ ਹੈ ਕਿ ਤੁਸੀਂ ਚੰਗੀ ਤਰ੍ਹਾਂ ਹਾਈਡ੍ਰੇਟਿਡ ਹੋ (ਰੋਜ਼ਾਨਾ 2-3 ਲੀਟਰ ਪੀਣਾ)।
  • ਜੁਲਾਬ, ਜਿਵੇਂ ਕਿ ਸੇੱਨਾ (senna) ਜਾਂ ਟੱਟੀ ਨੂੰ ਨਰਮ ਬਣਾਉਣ ਵਾਲੀਆਂ ਚੀਜ਼ਾਂ, ਕਬਜ਼ ਤੋਂ ਰਾਹਤ ਪਾਉਣ ਵਿੱਚ ਮਦਦ ਕਰ ਸਕਦੀਆਂ ਹਨ
  • ਪ੍ਰੋਸੈੱਸ ਕੀਤੇ ਭੋਜਨ ਜਿਵੇਂ ਕਿ ਮੈਦੇ ਦੀ ਰੋਟੀ ਜਾਂ ਬ੍ਰੈੱਡ ਅਤੇ ਖੰਡ ਵਾਲੀਆਂ ਮਿਠਾਈਆਂ ਤੋਂ ਪਰਹੇਜ਼ ਕਰਨਾ

ਨਜ਼ਰ ਰੱਖਣ ਯੋਗ ਚੀਜ਼ਾਂ

ਬਲੈਡਰ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਦੇ ਤੁਹਾਡੇ ਸਰੀਰ ਦੇ ਬਾਕੀ ਸਾਰੇ ਹਿੱਸਿਆਂ ‘ਤੇ ਅਸਿੱਧੇ ਅਸਰ ਪੈ ਸਕਦੇ ਹਨ। ਜੇ ਤੁਹਾਨੂੰ ਹੇਠ ਲਿਖਿਆਂ ਵਿੱਚੋਂ ਕੋਈ ਵੀ ਦਿਖਾਈ ਦਿੰਦਾ ਹੈ, ਤਾਂ ਕਿਸੇ ਡਾਕਟਰ ਜਾਂ ਸਿਹਤ ਪੇਸ਼ੇਵਰ ਨਾਲ ਗੱਲ ਕਰੋ:

  • ਤੁਹਾਡੇ ਮਲ ਜਾਂ ਪਿਸ਼ਾਬ ਵਿੱਚ ਖੂਨ
  • ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਗੰਭੀਰ ਦਰਦ
  • ਮਲ ਦੁਆਰ ਜਾਂ ਗੁਦਾ ਤੋਂ ਖੂਨ ਦਾ ਰਿਸਾਅ
  • ਪੇਟ ਜਾਂ ਢਿੱਡ ਵਿੱਚ ਗੰਭੀਰ ਦਰਦ
  • ਡੀਹਾਈਡ੍ਰੇਸ਼ਨ ਦੇ ਚਿੰਨ੍ਹ – ਚੱਕਰ ਆਉਣੇ, ਉਲਝਣ, ਬਹੁਤ ਗੂੜ੍ਹੇ ਰੰਗ ਦਾ ਪਿਸ਼ਾਬ, ਜਾਂ ਖੁਸ਼ਕ ਮੂੰਹ ਅਤੇ ਅੱਖਾਂ

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo