Skip to main content

ਕਾਰਡੀਐਕ ਅਰੈਸਟ (ਦਿਲ ਦੀ ਧੜਕਣ ਦਾ ਰੁਕਣਾ)

ਕਾਰਡੀਐਕ ਅਰੈਸਟ ਕੀ ਹੁੰਦਾ ਹੈ?

ਆਮ ਧਾਰਨਾ ਦੇ ਉਲਟ, ਕਾਰਡੀਐਕ ਅਰੈਸਟ ਦਾ ਮਤਲਬ ਦਿਲ ਦਾ ਦੌਰਾ ਨਹੀਂ ਹੁੰਦਾ। ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਦਿਲ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਇਹ ਅਕਸਰ ਕੋਰੋਨਰੀ ਧਮਣੀ ਵਿੱਚ ਖੂਨ ਦੇ ਗਤਲੇ ਕਰਕੇ ਹੁੰਦਾ ਹੈ। ਦਿਲ ਦੇ ਦੌਰੇ ਦੌਰਾਨ, ਦਿਲ ਅਜੇ ਵੀ ਪੂਰੇ ਸਰੀਰ ਵਿੱਚ ਖੂਨ ਨੂੰ ਪੰਪ ਕਰ ਰਿਹਾ ਹੁੰਦਾ ਹੈ ਅਤੇ ਵਿਅਕਤੀ ਅਜੇ ਵੀ ਹੋਸ਼ ਵਿੱਚ ਅਤੇ ਸਾਹ ਲੈ ਰਿਹਾ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਕਾਰਡੀਐਕ ਅਰੈਸਟ ਹੋ ਸਕਦਾ ਹੈ ਅਤੇ ਜੇ ਤੁਹਾਨੂੰ ਦਿਲ ਦੇ ਦੌਰੇ ਦੇ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਇਹ ਅਤਿਅੰਤ ਜ਼ਰੂਰੀ ਹੈ ਕਿ ਤੁਸੀਂ ਫ਼ੌਰਨ ਐਂਬੂਲੈਂਸ ਲਈ 999 ‘ਤੇ ਕਾਲ ਕਰੋ।

ਹਾਲਾਂਕਿ, ਕਾਰਡੀਐਕ ਅਰੈਸਟ ਆਮ ਤੌਰ ‘ਤੇ ਬਗੈਰ ਕਿਸੇ ਸੰਕੇਤ ਜਾਂ ਚੇਤਾਵਨੀ ਦੇ ਹੁੰਦਾ ਹੈ। ਜੇ ਕਿਸੇ ਨੂੰ ਕਾਰਡੀਐਕ ਅਰੈਸਟ ਹੋ ਰਿਹਾ ਹੋਵੈ, ਤਾਂ ਉਹ ਅਚਾਨਕ ਡਿੱਗ ਜਾਵੇਗਾ, ਬੇਹੋਸ਼/ਬੇਹਿਸ ਹੋ ਜਾਵੇਗਾ, ਅਤੇ ਜਾਂ ਤਾਂ ਸਾਹ ਨਹੀਂ ਲੈ ਰਿਹਾ ਹੋਵੇਗਾ ਜਾਂ ਸਾਹ ਲੈਣ ਲਈ ਸੰਘਰਸ਼ ਕਰ ਰਿਹਾ ਹੋਵੇਗਾ, ਭਾਵ ਹੱਫਣ ਦੀਆਂ ਅਵਾਜ਼ਾਂ।

ਤੁਰੰਤ ਇਲਾਜ ਜਾਂ ਡਾਕਟਰੀ ਸਹਾਇਤਾ ਦੇ ਬਗੈਰ, ਵਿਅਕਤੀ ਦੀ ਮੌਤ ਹੋ ਜਾਵੇਗੀ। ਜੇ ਤੁਹਾਨੂੰ ਦਿਖਾਈ ਦਿੰਦਾ ਹੈ ਕਿ ਕਿਸੇ ਨੂੰ ਕਾਰਡੀਐਕ ਅਰੈਸਟ ਹੋ ਰਿਹਾ ਹੈ ਜਾਂ ਇਸ ਬਾਰੇ ਸ਼ੱਕ ਹੁੰਦਾ ਹੈ, ਤਾਂ ਤੁਰੰਤ 999 ‘ਤੇ ਕਾਲ ਕਰੋ ਅਤੇ CPR ਕਰੋ।

ਕਾਰਡੀਐਕ ਅਰੈਸਟ ਕਿਸ ਕਾਰਨ ਹੁੰਦਾ ਹੈ?

ਕਾਰਡੀਐਕ ਅਰੈਸਟ ਦੇ ਮੁੱਖ ਕਾਰਨ ਇਹ ਹੁੰਦੇ ਹਨ:

  • ਵੈਂਟ੍ਰਿਕੁਲਰ ਫ਼ਾਈਬ੍ਰਿਲੇਸ਼ਨ (ਦਿਲ ਦੀ ਅਸਧਾਰਨ ਲੈਅ ਜਿੱਥੇ ਦਿਲ ਦੀ ਬਿਜਲਈ ਗਤੀਵਿਧੀ ਇੰਨੀ ਅਨਿਯਮਿਤ ਹੁੰਦੀ ਹੈ ਕਿ ਦਿਲ ਪੰਪ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਿਰਫ ਕੰਬਦਾ ਹੈ)
  • (ਕੋਰੋਨਰੀ ਦਿਲ ਦੀ ਬਿਮਾਰੀ ਦੇ ਕਾਰਨ) ਦਿਲ ਦਾ ਦੌਰਾ
  • ਕਾਰਡੀਓਮਾਇਓਪੈਥੀ
  • ਜਮਾਂਦਰੂ ਦਿਲ ਦੀ ਬਿਮਾਰੀ
  • ਦਿਲ ਦੇ ਵਾਲਵ ਦੀ ਬਿਮਾਰੀ
  • ਦਿਲ ਦੀ ਮਾਸਪੇਸ਼ੀ ਵਿੱਚ ਸੋਜਸ਼

ਹਾਲਾਂਕਿ, ਕਾਰਡੀਐਕ ਅਰੈਸਟ ਕਰੰਟ ਲੱਗਣ, ਕਿਸੇ ਦਵਾਈ ਦੀ ਓਵਰਡੋਜ਼, ਗੰਭੀਰ ਹੈਮਰੇਜ (ਅੰਦਰੂਨੀ ਖੂਨ ਵਹਿਣਾ), ਜਾਂ ਹਾਈਪੌਕਸੀਆ (ਘੱਟ ਆਕਸੀਜਨ ਪੱਧਰਾਂ) ਦੇ ਨਤੀਜੇ ਵਜੋਂ ਵੀ ਹੋ ਸਕਦਾ ਹੈ।

ਕਾਰਡੀਐਕ ਅਰੈਸਟ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਜੇ ਤੁਸੀਂ ਕਿਸੇ ਨੂੰ ਕਾਰਡੀਐਕ ਅਰੈਸਟ ਹੁੰਦੇ ਹੋਏ ਦੇਖਦੇ ਹੋ, ਤਾਂ ਤੁਰੰਤ 999 ‘ਤੇ ਕਾਲ ਕਰੋ। ਜੇ ਤੁਹਾਨੂੰ CPR ਦੇਣ ਦੀ ਟ੍ਰੇਨਿੰਗ ਮਿਲੀ ਹੋਈ ਹੈ ਤਾਂ ਜਿੰਨੀ ਛੇਤੀ ਹੋ ਸਕੇ ਇਹ ਦਿਓ। ਜੇ ਤੁਹਾਨੂੰ CPR ਦੇਣ ਦੀ ਟ੍ਰੇਨਿੰਗ ਨਹੀਂ ਮਿਲੀ ਹੋਈ ਹੈ, ਤਾਂ ਕਿਸੇ ਅਜਿਹੇ ਵਿਅਕਤੀ ਨੂੰ ਲੱਭੋ ਜਿਸ ਕੋਲ ਮੁਢਲੀ ਸਹਾਇਤਾ ਜਾਂ ਡਾਕਟਰੀ ਸਿਖਲਾਈ ਹੋਵੇ ਜੋ CPR ਕਰ ਸਕਦਾ ਹੋਵੇ। CPR ਦਿਮਾਗ ਵਿੱਚ ਆਕਸੀਜਨ ਅਤੇ ਖੂਨ ਦੀ ਸਪਲਾਈ ਨੂੰ ਜਾਰੀ ਰੱਖਦਾ ਹੈ, ਜੋ ਦਿਮਾਗ ਦੇ ਨੁਕਸਾਨ ਨੂੰ ਹੌਲੀ ਕਰਦਾ ਹੈ ਅਤੇ ਇਹ ਸੰਭਾਵਨਾ ਵਧਾਉਂਦਾ ਹੈ ਕਿ ਵਿਅਕਤੀ ਬਚ ਜਾਵੇਗਾ। ਜੋ ਕੁਝ ਵੀ ਤੁਸੀਂ ਸ਼ਾਇਦ ਟੀਵੀ ‘ਤੇ ਦੇਖਿਆ ਹੋਵੇਗਾ ਉਸ ਦੇ ਬਾਵਜੂਦ, CPR ਕਾਰਡੀਐਕ ਅਰੈਸਟ ਨੂੰ ਨਹੀਂ ਰੋਕੇਗਾ – ਪਰ ਇਹ ਵਿਅਕਤੀ ਨੂੰ ਉਦੋਂ ਤਕ ਜਿਉਂਦਾ ਰੱਖੇਗਾ ਜਦੋਂ ਤਕ ਡਾਕਟਰੀ ਟੀਮ ਨਹੀਂ ਪਹੁੰਚ ਜਾਂਦੀ, ਅਤੇ ਉਸ ਦੁਆਰਾ ਅਨੁਭਵ ਕੀਤੇ ਜਾਣ ਵਾਲੇ ਸਥਾਈ ਨੁਕਸਾਨ ਨੂੰ ਘਟਾ ਸਕਦਾ ਹੈ।

ਇਸ ਤੋਂ ਬਾਅਦ ਇੱਕ ਡੀਫ਼ਾਈਬ੍ਰਿਲੇਟਰ ਦੀ ਵਰਤੋਂ ਨਿਯੰਤਰਿਤ ਬਿਜਲੀ ਦਾ ਝਟਕਾ ਦੇਣ ਲਈ ਕੀਤੀ ਜਾ ਸਕਦੀ ਹੈ, ਜਿਸ ਨਾਲ ਦਿਲ ਨੂੰ ਫਿਰ ਤੋਂ ਨਿਯਮਿਤ ਰੂਪ ਵਿੱਚ ਧੜਕਣ ਵਿੱਚ ਮਦਦ ਮਿਲਦੀ ਹੈ। ਡੀਫ਼ਾਈਬ੍ਰਿਲੇਟਰਾਂ ਦਾ ਇਸਤੇਮਾਲ ਐਂਬੂਲੈਂਸ ਸਟਾਫ ਦੁਆਰਾ ਕੀਤਾ ਜਾਂਦਾ ਹੈ, ਪਰ ਲਗਾਤਾਰ, ਬਹੁਤ ਸਾਰੀਆਂ ਜਨਤਕ ਇਮਾਰਤਾਂ ਵਿੱਚ ਐਮਰਜੈਂਸੀ ਵਰਤੋਂ ਲਈ ਵੀ ਡੀਫ਼ਾਈਬ੍ਰਿਲੇਟਰ ਹੁੰਦੇ ਹਨ। ਤੁਹਾਨੂੰ ਕਿਸੇ ਵਿਅਕਤੀ ‘ਤੇ ਡੀਫ਼ਾਈਬ੍ਰਿਲੇਟਰ ਦੀ ਵਰਤੋਂ ਸਿਰਫ਼ ਤਾਂ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਭਰੋਸਾ ਹੋਵੇ ਕਿ ਤੁਸੀਂ ਇਸਦੀ ਸਹੀ ਵਰਤੋਂ ਕਰਨੀ ਜਾਣਦੇ ਹੋ।

ਕਾਰਡੀਐਕ ਅਰੈਸਟ ਤੋਂ ਰਿਕਵਰੀ

ਕਾਰਡੀਐਕ ਅਰੈਸਟ ਤੋਂ ਰਿਕਵਰੀ ਇਹਨਾਂ ਗੱਲਾਂ ‘ਤੇ ਨਿਰਭਰ ਕਰਦੀ ਹੈ:

  • ਅਰੈਸਟ ਕਿੰਨਾ ਕੁ ਮਾੜਾ ਸੀ
  • ਤੁਹਾਡੇ ਅਰੈਸਟ ਤੋਂ ਬਾਅਦ ਦੇ ਲੱਛਣ
  • ਤੁਹਾਡੇ ਕਾਰਡੀਐਕ ਅਰੈਸਟ ਦਾ ਅਸਲ ਕਾਰਨ

ਰਿਕਵਰੀ ਇੱਕ ਲੰਮੀ, ਗੁੰਝਲਦਾਰ ਪ੍ਰਕਿਰਿਆ ਹੋ ਸਕਦੀ ਹੈ ਜਿਸ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ ਅਤੇ ਫ਼ੈਸਲੇ ਲਏ ਜਾਂਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਅੰਦਰ ਇੱਕ ਪੇਸਮੇਕਰ ਫ਼ਿਟ ਕੀਤਾ ਜਾਵੇ, ਰੀਹੈਬਿਲਿਟੇਸ਼ਨ (ਸਿਹਤ ਬਹਾਲੀ) ਦੇਖਭਾਲ ਵਿੱਚ ਦਾਖਲ ਕੀਤਾ ਜਾਵੇ, ਜਾਂ ਇੱਥੋਂ ਤਕ ਕਿ ਨਿਯੰਤ੍ਰਤ ਦਵਾਈਆਂ ਨਾਲ (ਇੰਡਿਊਸਡ) ਕੋਮਾ ਵਿੱਚ ਵੀ ਰੱਖਿਆ ਜਾਵੇ।

ਤੁਹਾਡੀ ਇਲਾਜ ਟੀਮ ਤੁਹਾਡੀ ਪੂਰੀ ਦੇਖਭਾਲ ਯੋਜਨਾ ਵਿੱਚ ਤੁਹਾਡੀ ਅਗਵਾਈ ਕਰੇਗੀ ਅਤੇ ਆਪਣੇ ਲਈ ਅਤੇ ਆਪਣੀ ਸਿਹਤ ਲਈ ਸਭ ਤੋਂ ਵਧੀਆ ਫ਼ੈਸਲੇ ਕਰਨ ਵਿੱਚ ਤੁਹਾਡੀ ਮਦਦ ਕਰੇਗੀ।

ਅਸੀਂ ਮਦਦ ਲਈ ਇੱਥੇ ਮੌਜੂਦ ਹਾਂ

ਜੀਵਨ ਨੂੰ ਬਦਲ ਦੇਣ ਵਾਲਾ ਅਜਿਹਾ ਤਜਰਬਾ ਬਹੁਤ ਚੁਣੌਤੀਪੂਰਣ ਅਤੇ ਡਰਾਉਣਾ ਹੋ ਸਕਦਾ ਹੈ। ਯਾਦ ਰੱਖੋ: ਤੁਸੀਂ ਇਕੱਲੇ ਨਹੀਂ ਹੋ। CHSS ਸਿਖਲਾਈ ਪ੍ਰਾਪਤ ਨਰਸਾਂ ਅਤੇ ਕੇਅਰ ਪ੍ਰੋਵਾਈਡਰ ਪ੍ਰਦਾਨ ਕਰਦਾ ਹੈ ਜੋ ਹਸਪਤਾਲ ਛੱਡਣ ਤੋਂ ਬਾਅਦ ਦੇ ਮਹੀਨਿਆਂ ਦੌਰਾਨ ਤੁਹਾਨੂੰ ਸਹਿਯੋਗ ਦੇ ਸਕਦੇ ਹਨ।

ਸਾਡੇ ਕੋਲ ਸਹਿਯੋਗੀ ਸਮੂਹ ਵੀ ਹਨ, ਤਾਂ ਜੋ ਜਿਹਨਾਂ ਲੋਕਾਂ ਨੂੰ ਕਾਰਡੀਐਕ ਅਰੈਸਟ ਹੋਇਆ ਹੈ, ਉਹ ਸਦਮੇ ਨਾਲ ਸਿੱਝਣ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਣ, ਅਤੇ ਇੱਕ ਅਜਿਹਾ ਜੀਵਨ ਜਿਉਣਾ ਸਿੱਖ ਸਕਣ ਜਿਸਨੂੰ ਉਹ ਫਿਰ ਤੋਂ ਪਿਆਰ ਕਰ ਸਕਦੇ ਹਨ।

ਜੇ ਤੁਸੀਂ ਸਾਡੇ ਬਾਰੇ ਅਤੇ ਇਸ ਵਿਸ਼ੇ ਵਿੱਚ ਹੋਰ ਜਾਣਨਾ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਸਹਿਯੋਗ ਦੇਣ ਲਈ ਕੀ ਕੁਝ ਕਰ ਸਕਦੇ ਹਾਂ, ਤਾਂ ਸਾਡੀਆਂ ਐਡਵਾਈਸ ਲਾਈਨ ਨਰਸਾਂ ਨੂੰ ਮੁਫ਼ਤ, ਗੁਪਤ ਸਲਾਹ ਅਤੇ ਸਹਿਯੋਗ ਲਈ 0808 801 0899 ‘ਤੇ ਕਾਲ ਕਰੋ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਭਵਿੱਖ ਵਿੱਚ ਦਿਲ ਦੀਆਂ ਹੋਰ ਸਮੱਸਿਆਵਾਂ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਦਿਲ ਦੀ ਸਮੱਸਿਆ ਨਾਲ ਜੀਵਨ ਜਿਉਣ (Living with a Heart Condition) ਬਾਰੇ ਸੈਕਸ਼ਨ ‘ਤੇ ਜਾਓ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo