Skip to main content

ਐਟ੍ਰੀਅਲ ਫ਼ਾਈਬ੍ਰਿਲੇਸ਼ਨ (ਦਿਲ ਦੀ ਅਨਿਯਮਤ ਧੜਕਣ)

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਕੀ ਹੁੰਦੀ ਹੈ?

ਐਟ੍ਰੀਅਲ ਫ਼ਾਈਬ੍ਰਿਲੇਸ਼ਨ (ਜਿਸ ਨੂੰ AF ਵੀ ਕਿਹਾ ਜਾਂਦਾ ਹੈ) ਦਿਲ ਦੀ ਅਨਿਯਮਤ ਧੜਕਣ (ਅਰਿਦਮੀਆ) ਦੀ ਸਭ ਤੋਂ ਆਮ ਕਿਸਮ ਹੈ।

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਤੋਂ ਭਾਵ ਹੈ:

ਐਟ੍ਰੀਅਲ: ਤੁਹਾਡੇ ਦਿਲ ਦੇ ਉੱਪਰਲੇ ਚੈਂਬਰ “ਐਟਰੀਆ” ਨਾਲ ਸਬੰਧਤ

ਫ਼ਾਈਬ੍ਰਿਲੇਸ਼ਨ : ਮਾਸਪੇਸ਼ੀਆਂ ਦਾ ਤੇਜ਼, ਅਨਿਯਮਿਤ ਢੰਗ ਨਾਲ ਸੁੰਗੜਨਾ

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਵਿੱਚ, ਤੁਹਾਡੇ ਦਿਲ ਦੇ ਚੈਂਬਰਾਂ ਵਿੱਚ ਬਿਜਲਈ ਸਿਗਨਲ ਬੇਤਰਤੀਬੇ ਅਤੇ ਅਨਿਯਮਤ ਹੋ ਜਾਂਦੇ ਹਨ, ਜਿਸ ਨਾਲ ਉਹ ਬਹੁਤ ਤੇਜ਼ੀ ਨਾਲ ਅਤੇ ਅਨਿਯਮਿਤ ਤਰੀਕੇ ਨਾਲ ਸੁੰਗੜਦੇ ਹਨ।

ਇਹ ਤੇਜ਼, ਅਨਿਯਮਿਤ ਲੈਅ ਦਿਲ ਨੂੰ ਅਸਰਦਾਰ ਤਰੀਕੇ ਨਾਲ ਪੰਪ ਕਰਨ ਤੋਂ ਰੋਕਦੀ ਹੈ, ਜਿਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਖੂਨ ਤੁਹਾਡੇ ਪੂਰੇ ਸਰੀਰ ਵਿੱਚ ਸਹੀ ਢੰਗ ਨਾਲ ਸੰਚਾਰ ਨਹੀਂ ਕਰਦਾ ਹੈ।

AF ਦੀਆਂ ਕੁਝ ਕਿਸਮਾਂ ਦਾ ਇਲਾਜ ਕਾਰਡੀਓਵਰਜ਼ਨ ਨਾਂ ਦੀ ਪ੍ਰਕਿਰਿਆ ਦੁਆਰਾ ਕੀਤਾ ਜਾ ਸਕਦਾ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਤੁਹਾਡੇ ਦਿਲ ਦੀ ਲੈਅ ਨੂੰ ਆਮ ਵਾਂਗ ਵਾਪਸ ਲਿਆਉਣ ਲਈ, ਡੀਫ਼ਿਬ੍ਰਿਲੇਟਰ ਨਾਂ ਦੀ ਇੱਕ ਮਸ਼ੀਨ ਤੋਂ, ਤੁਹਾਡੇ ਦਿਲ ਨੂੰ ਦੇਣ ਲਹੀ ਇੱਕ ਨਿਯੰਤਰਿਤ ਇਲੈਕਟ੍ਰਿਕ ਝਟਕੇ ਦੀ ਵਰਤੋਂ ਕਰਦੀ ਹੈ।

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਦੀਆਂ ਵੱਖ-ਵੱਖ ਕਿਸਮਾਂ

ਪਰੋਕਸਿਜ਼ਮਲ ਐਟ੍ਰੀਅਲ ਫ਼ਾਈਬ੍ਰਿਲੇਸ਼ਨ ਆਉਂਦੀ-ਜਾਂਦੀ ਹੈ ਅਤੇ ਆਮ ਤੌਰ ‘ਤੇ ਬਗੈਰ ਕਿਸੇ ਇਲਾਜ ਦੇ 48 ਘੰਟਿਆਂ ਦੇ ਅੰਦਰ ਬੰਦ ਹੋ ਜਾਂਦੀ ਹੈ।

  • ਸਥਾਈ ਐਟ੍ਰੀਅਲ ਫ਼ਾਈਬ੍ਰਿਲੇਸ਼ਨ 7 ਦਿਨਾਂ ਤੋਂ ਵੱਧ ਸਮੇਂ ਲਈ ਰਹਿੰਦੀ ਹੈ। ਦਿਲ ਨੂੰ ਦੁਬਾਰਾ ਆਮ ਵਾਂਗ ਧੜਕਣ ਵਿੱਚ ਮਦਦ ਕਰਨ ਲਈ, ਇਸ ਦਾ ਇਲਾਜ ਦਵਾਈਆਂ ਨਾਲ ਜਾਂ ਕਾਰਡੀਓਵਰਜ਼ਨ ਦੁਆਰਾ ਕੀਤਾ ਜਾ ਸਕਦਾ ਹੈ।
  • ਸਥਾਈ ਜਾਂ ਪੁਰਾਣੀ ਐਟ੍ਰੀਅਲ ਫ਼ਾਈਬ੍ਰਿਲੇਸ਼ਨ ਲੰਬੇ ਸਮੇਂ ਤਕ ਰਹਿੰਦੀ ਹੈ (ਆਮ ਤੌਰ ‘ਤੇ ਇੱਕ ਸਾਲ ਤੋਂ ਵੱਧ)। ਇਸ ਸਥਿਤੀ ਵਿੱਚ ਕਾਰਡੀਓਵਰਜ਼ਨ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਹੈ ਅਤੇ ਆਮ ਤੌਰ ‘ਤੇ ਅਸਫ਼ਲ ਹੀ ਰਹਿੰਦੀ ਹੈ। ਤੁਹਾਡੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਵਿੱਚ ਮਦਦ ਲਈ ਨਸ਼ੀਲੀਆਂ ਦਵਾਈਆਂ ਨਾਲ ਇਲਾਜ ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਤੀਬਰ-ਸ਼ੁਰੂਆਤ ਵਾਲਾ ਐਟ੍ਰੀਅਲ ਫ਼ਾਈਬ੍ਰਿਲੇਸ਼ਨ AF ਦੀ ਇੱਕ ਘਟਨਾ ਹੁੰਦਾ ਹੈ ਜੋ ਜਾਂ ਤਾਂ ਪਹਿਲੀ ਵਾਰ ਅਚਾਨਕ ਸ਼ੁਰੂ ਹੁੰਦਾ ਹੈ ਜਾਂ ਮੌਜੂਦਾ ਲੱਛਣਾਂ ਨਾਲੋਂ ਵੀ ਮਾੜਾ ਹੁੰਦਾ ਹੈ। ਇਸ ਕਿਸਮ ਦਾ AF ਸੰਭਾਵੀ ਤੌਰ ‘ਤੇ ਖਤਰਨਾਕ ਲੱਛਣਾਂ (ਜਿਵੇਂ ਕਿ ਬਹੁਤ ਤੇਜ਼ ਦਿਲ ਦੀ ਧੜਕਣ) ਦਾ ਕਾਰਨ ਬਣ ਸਕਦਾ ਹੈ ਜਿਸਦਾ ਹਸਪਤਾਲ ਵਿੱਚ ਇਲਾਜ ਕਰਨ ਦੀ ਲੋੜ ਹੋ ਸਕਦੀ ਹੈ।

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਦੇ ਲੱਛਣ

ਕੁਝ ਲੋਕਾਂ ਵਿੱਚ ਕੋਈ ਵੀ ਲੱਛਣ ਨਹੀਂ ਹੁੰਦੇ, ਅਤੇ AF ਦਾ ਪਤਾ ਸਿਰਫ਼ ਉਦੋਂ ਹੀ ਲੱਗਦਾ ਹੈ ਜਦੋਂ ਕੋਈ ਨਰਸ ਜਾਂ ਡਾਕਟਰ ਤੁਹਾਡੀ ਨਬਜ਼ ਦੇਖਦਾ ਹੈ ਅਤੇ ਉਸ ਨੂੰ ਇਹ ਤੇਜ਼ ਅਤੇ ਅਨਿਯਮਤ ਲੱਗਦੀ ਹੈ। ਦੂਜੀਆਂ ਸਥਿਤੀਆਂ ਵਿੱਚ, ਖੂਨ ਦੇ ਮਾੜੇ ਸੰਚਾਰ ਕਰਕੇ ਇਹਨਾਂ ਵਿੱਚੋਂ ਕੁਝ ਜਾਂ ਸਾਰੇ ਹੋ ਸਕਦੇ ਹਨ:

  • ਚੱਕਰ ਆਉਣੇ
  • ਥਕਾਵਟ
  • ਛਾਤੀ ਵਿੱਚ ਦਰਦ
  • ਸਾਹ ਲੈਣ ਵਿੱਚ ਮੁਸ਼ਕਲ
  • ਦਿਲ ਦਾ ਤੇਜ਼ ਫੜਕਣਾ (ਤੁਹਾਡੇ ਦਿਲ ਦੀ ਧੜਕਣ ਵਧੀ ਹੋਈ ਮਹਿਸੂਸ ਹੋਣਾ, ਜਾਂ ਇਹ ਅਹਿਸਾਸ ਕਿ ਤੁਹਾਡਾ ਦਿਲ ਬਹੁਤ ਤੇਜ਼ ਜਾਂ ਬਹੁਤ ਜ਼ੋਰ ਨਾਲ ਧੜਕ ਰਿਹਾ ਹੈ)

ਜੇ ਤੁਹਾਨੂੰ ਆਪਣੇ ਦਿਲ ਦੀ ਧੜਕਣ ਵਿੱਚ ਅਚਾਨਕ ਕੋਈ ਤਬਦੀਲੀ ਦਿਖਾਈ ਦਿੰਦੀ ਹੈ ਅਤੇ ਛਾਤੀ ਵਿੱਚ ਦਰਦ ਹੁੰਦਾ ਹੈ, ਤਾਂ ਜਿੰਨੀ ਜਲਦੀ ਹੋ ਸਕੇ ਡਾਕਟਰੀ ਸਲਾਹ ਲਓ।

ਐਟਰੀਅਲ ਫ਼ਾਈਬ੍ਰਿਲੇਸ਼ਨ ਦੇ ਜੋਖਮ ਕੀ ਹੁੰਦੇ ਹਨ?

  • ਸਟ੍ਰੋਕ: AF ਦਾ ਮੁੱਖ ਜੋਖਮ ਇਹ ਹੈ ਕਿ ਇਸ ਨਾਲ ਸਟ੍ਰੋਕ ਹੋ ਸਕਦਾ ਹੈ। ਜਦੋਂ ਐਟ੍ਰੀਅਮ ਖਰਾਬ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ ਹਨ, ਤਾਂ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਖਾਲੀ ਨਾ ਹੋਣ, ਜਿਸ ਕਰਕੇ ਚੈਂਬਰ ਵਿੱਚ ਖੂਨ ਦਾ ਭੰਡਾਰ ਪਿਆ ਰਹਿ ਜਾਂਦਾ ਹੈ। ਇਹ ਖੂਨ ਗੰਧਲਾ ਹੋ ਸਕਦਾ ਹੈ ਅਤੇ ਇਸ ਦੇ ਥੱਕੇ ਬਣ ਸਕਦੇ ਹਨ। ਜੇ ਖੂਨ ਦਾ ਥੱਕਾ ਖੂਨ ਦੇ ਵਹਾਅ ਵਿੱਚ ਦਾਖਲ ਹੋ ਜਾਵੇ ਤਾਂ ਇਹ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਤੁਹਾਨੂੰ ਆਮ ਤੌਰ ‘ਤੇ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ (ਜਿਵੇਂ ਕਿ ਵਾਰਫ਼ਰਿਨ, ਹੈਪੇਰਿਨ ਜਾਂ ਐਸਪਿਰਿਨ) ਤਜਵੀਜ਼ ਕੀਤੀ ਜਾਵੇਗੀ ਤਾਂ ਜੋ ਇਸ ਤਰ੍ਹਾਂ ਦੇ ਥੱਕਿਆਂ ਨੂੰ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।
  • ਹਾਰਟ ਫੇਲ੍ਹ ਹੋਣਾ: ਸਮੇਂ ਦੇ ਨਾਲ, AF ਦਿਲ ਨੂੰ ਕਮਜ਼ੋਰ ਕਰ ਸਕਦਾ ਹੈ। ਜਦੋਂ ਦਿਲ ਦੀ ਮਾਸਪੇਸ਼ੀ ਖੂਨ ਅਤੇ ਆਕਸੀਜਨ ਲਈ ਸਰੀਰ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਦੀ, ਤਾਂ ਸਰੀਰ ਵਿੱਚ ਬਹੁਤ ਸਾਰੇ ਵੱਖ-ਵੱਖ ਲੱਛਣ ਪੈਦਾ ਹੋ ਸਕਦੇ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਇਸ ਨੂੰ ਦਿਲ ਦੇ ਕਾਰਗਰ ਢੰਗ ਨਾਲ ਕੰਮ ਕਰਨ ਵਿੱਚ ਅਸਫ਼ਲ ਰਹਿਣ ਕਰਕੇ ਹਾਰਟ ਫੇਲ੍ਹ ਹੋਣਾ ਕਿਹਾ ਜਾਂਦਾ ਹੈ।

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਦੇ ਕਾਰਨ

ਕਈ ਵਾਰ AF ਬਿਨਾਂ ਕਿਸੇ ਸਪਸ਼ਟ ਕਾਰਨ ਦੇ ਵੀ ਹੋ ਜਾਂਦਾ ਹੈ। ਹਾਲਾਂਕਿ, ਕਈ ਵਾਰ AF ਹੋਰਨਾਂ ਡਾਕਟਰੀ ਸਥਿਤੀਆਂ ਦੇ ਨਾਲ ਹੋ ਸਕਦਾ ਹੈ ਜਿਵੇਂ ਕਿ:

  • ਦਿਲ ਦੀਆਂ ਸਮੱਸਿਆਵਾਂ ਜਿਵੇਂ:
    • ਹਾਈ ਬਲੱਡ ਪ੍ਰੈਸ਼ਰ
    • ਕੋਰੋਨਰੀ ਦਿਲ ਦੀ ਬਿਮਾਰੀ (ਖਾਸ ਕਰਕੇ ਜੇ ਤੁਹਾਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ ਜਾਂ ਦਿਲ ਦੀ ਸਰਜਰੀ ਹੋਈ ਹੈ)
    • ਦਿਲ ਦੇ ਵਾਲਵ ਦੀ ਬਿਮਾਰੀ
    • ਜਮਾਂਦਰੂ ਦਿਲ ਦੀ ਬਿਮਾਰੀ
    • ਕਾਰਡੀਓਮਾਇਓਪੈਥੀ
  • ਫੇਫੜਿਆਂ ਦੀਆਂ ਸਮੱਸਿਆਵਾਂ ਜਿਵੇਂ:
    • ਪਲਮਨਰੀ ਐਂਬੋਲਿਜ਼ਮ
    • ਦਮਾ
    • ਐਮਫ਼ਿਸੇਮਾ
    • ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਸੀਜ਼ (COPD)
    • ਨਮੂਨੀਆ
    • ਫੇਫੜਿਆਂ ਦਾ ਕੈੰਸਰ
  • ਵਾਧੂ ਕਿਰਿਆਸ਼ੀਲ ਥਾਈਰੌਇਡ ਗ੍ਰੰਥੀ
  • ਡਾਇਬਟੀਜ਼
  • ਤੁਹਾਡੇ ਖੂਨ ਵਿੱਚ ਰਸਾਇਣਾਂ ਦਾ ਅਸੰਤੁਲਨ ਉਦਾਹਰਣ ਲਈ ਪੋਟਾਸ਼ੀਅਮ, ਕੈਲਸ਼ੀਅਮ

ਐਟ੍ਰੀਅਲ ਫ਼ਾਈਬ੍ਰਿਲੇਸ਼ਨ ਕਿਸ ਕਰਕੇ ਟ੍ਰਿਗਰ ਹੁੰਦੀ (ਛਿੜਦੀ) ਹੈ?

AF ਪੂਰੀ ਤਰ੍ਹਾਂ ਜਾਂ ਕੁਝ ਹੱਦ ਤਕ, ਇਹਨਾਂ ਕਾਰਨਾਂ ਕਰਕੇ ਟ੍ਰਿਗਰ ਹੋ (ਛਿੜ) ਸਕਦੀ ਹੈ:

  • ਬੇਹੱਦ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਪੀਣਾ, ਖਾਸ ਤੌਰ ‘ਤੇ ‘ਵਾਧੂ ਮਾਤਰਾ ਵਿੱਚ ਪੀਣਾ’ (ਜਿੱਥੇ ਤੁਸੀਂ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਪੀਂਦੇ ਹੋ)
  • ਬਹੁਤ ਜ਼ਿਆਦਾ ਜਾਂ ਘੱਟ ਭਾਰ ਹੋਣਾ
  • ਬਹੁਤ ਜ਼ਿਆਦਾ ਕੈਫ਼ੀਨ ਪੀਣਾ, ਜੋ ਕਿ ਕੌਫ਼ੀ, ਚਾਹ ਅਤੇ ਐਨਰਜੀ ਡ੍ਰਿੰਕਸ ਵਿੱਚ ਮਿਲਦੀ ਹੈ, ਜਾਂ ਫਿਰ ਕੈਫ਼ੀਨ ਦੀਆਂ ਗੋਲੀਆਂ ਲੈਣਾ।
  • ਮਨੋਰੰਜਨ ਵਾਲੀਆਂ ਦਵਾਈਆਂ ਲੈਣਾ, ਖਾਸ ਤੌਰ ‘ਤੇ ਉਹ ਜੋ ਦਿਲ ਨੂੰ ਉਤੇਜਿਤ ਕਰਦੀਆਂ ਹਨ।
  • ਤਮਾਕੂਨੋਸ਼ੀ

ਰਹਿਣ-ਸਹਿਣ ਦਾ ਇੱਕ ਸਿਹਤਮੰਦ ਤਰੀਕਾ ਕਾਇਮ ਰੱਖਣਾ

ਆਪਣੇ ਵਿਅਕਤੀਗਤ ਟ੍ਰਿਗਰ (ਛੇੜਨ ਵਾਲੇ) ਕਾਰਕਾਂ ਨੂੰ ਪਛਾਣਨਾ ਸਿੱਖਣਾ, ਤਾਂ ਜੋ ਤੁਸੀਂ ਉਹਨਾਂ ਨੂੰ ਘਟਾ ਸਕੋ ਜਾਂ ਉਹਨਾਂ ਤੋਂ ਬਚ ਸਕੋ, ਕਈ ਵਾਰ ਤੁਹਾਡੇ AF ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੇ ਰਹਿਣ-ਸਹਿਣ ਦੇ ਢੰਗ ਵਿੱਚ ਮਹੱਤਵਪੂਰਨ ਤਬਦੀਲੀਆਂ ਕਰਦੇ ਹੋ। ਤੁਹਾਨੂੰ ਸ਼ਾਇਦ ਆਪਣੀਆਂ ਰੋਜ਼ਮਰ੍ਹਾ ਦੀਆਂ ਆਦਤਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਪਵੇ, ਜਿਵੇਂ ਕਿ ਤਮਾਕੂਨੋਸ਼ੀ ਬੰਦ ਕਰਨਾ ਜਾਂ ਅਲਕੋਹਲ ਘਟਾਉਣਾ।

ਇਹ ਤਬਦੀਲੀ ਔਖੀ ਹੋ ਸਕਦੀ ਹੈ। ਜੇ ਤੁਸੀਂ ਆਪਣੇ ਅਜ਼ੀਜ਼ਾਂ ਨੂੰ ਦੱਸਦੇ ਹੋ ਕਿ ਤੁਸੀਂ ਇਹ ਤਬਦੀਲੀਆਂ ਕਰ ਰਹੇ ਹੋ, ਤਾਂ ਉਹ ਅਕਸਰ ਤੁਹਾਨੂੰ ਸਹਿਯੋਗ ਦੇਣ ਅਤੇ ਤੁਹਾਡੇ ਨਾਲ ਸ਼ਾਮਲ ਹੋਣ ਦੇ ਯੋਗ ਹੁੰਦੇ ਹਨ। ਜੇ ਕੋਈ ਵਿਅਕਤੀ ਤੁਹਾਡੇ ਨਾਲ ਮਦਦ ਲਈ ਹੋਵੇ ਤਾਂ ਆਦਤਾਂ ਨੂੰ ਬਦਲਣਾ ਅਕਸਰ ਜ਼ਿਆਦਾ ਸੌਖਾ ਹੁੰਦਾ ਹੈ। ਇਹ ਪੱਕਾ ਕਰੋ ਕਿ ਤੁਸੀਂ ਸਿਹਤਮੰਦ ਆਦਤਾਂ ਪਾਉਂਦੇ ਹੋ: ਹਰ ਰੋਜ਼ ਬਹੁਤ ਸਾਰਾ ਪਾਣੀ ਪੀਂਦੇ ਹੋ, ਸਿਹਤਮੰਦ ਤਰੀਕੇ ਨਾਲ ਖਾਂਦੇ ਹੋ, ਅਤੇ ਜਿੱਥੇ ਵੀ ਸੰਭਵ ਹੋਵੇ ਚੁਸਤ-ਫੁਰਤ ਰਹਿੰਦੇ ਹੋ।

ਘਰ ਵਿੱਚ ਆਪਣੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਤੰਦਰੁਸਤ ਕਿਵੇਂ ਰਹਿਣਾ ਹੈ ਅਤੇ ਭਵਿੱਖ ਵਿੱਚ ਦਿਲ ਦੀਆਂ ਹੋਰ ਸਮੱਸਿਆਵਾਂ ਦੇ ਆਪਣੇ ਖਤਰੇ ਨੂੰ ਕਿਵੇਂ ਘਟਾਉਣਾ ਹੈ, ਇਸ ਸਭ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਦਿਲ ਦੀ ਸਮੱਸਿਆ ਨਾਲ ਜੀਵਨ ਜਿਉਣ (Living with a Heart Condition) ਬਾਰੇ ਸੈਕਸ਼ਨ ‘ਤੇ ਜਾਓ।

ਜੇ ਤੁਹਾਨੂੰ ਸਹਿਯੋਗੀ ਗਰੁੱਪਾਂ, AF ਬਾਰੇ ਜਾਣਕਾਰੀ ਜਾਂ ਇੱਥੋਂ ਤਕ ਕਿ ਸਿਰਫ਼ ਤੁਹਾਡੀ ਗੱਲ ਸੁਣਨ ਵਿੱਚ ਸਿਖਲਾਈ ਪ੍ਰਾਪਤ ਕਿਸੇ ਵਿਅਕਤੀ ਦੀ ਲੋੜ ਹੈ ਤਾਂ ਸਾਡੀ ਐਡਵਾਈਸ ਲਾਈਨ ਨੂੰ 0808 801 0899 ‘ਤੇ ਮੁਫ਼ਤ ਵਿੱਚ ਕਾਲ ਕਰੋ ਜਾਂ 66777 ‘ਤੇ NURSE ਟੈਕਸਟ ਭੇਜੋ। ਅਸੀਂ ਇੱਥੇ ਤੁਹਾਨੂੰ ਸਹਿਯੋਗ ਦੇਣ ਅਤੇ ਇੱਕ ਵਧੇਰੇ ਸਿਹਤਮੰਦ ਜੀਵਨ ਦਾ ਨਿਰਮਾਣ ਕਰਨ ਵਿੱਚ ਤੁਹਾਡੀ ਮਦਦ ਲਈ ਮੌਜੂਦ ਹਾਂ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
  • Was this helpful ?
  • YesNo