Skip to main content

ਕੋਵਿਡ

ਇਹ ਸੈਕਸ਼ਨ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਕੋਰੋਨਾਵਾਇਰਸ (COVID-19) ਕੀ ਹੈ ਅਤੇ ਇਹ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ। ਤੁਹਾਨੂੰ ਸੁਰੱਖਿਅਤ ਰਹਿਣ ਬਾਰੇ, ਅਤੇ ਇਸ ਦੇ ਨਾਲ-ਨਾਲ ਕੋਵਿਡ-19 ਟੈਸਟਿੰਗ ਅਤੇ ਟੀਕਾਕਰਣ ਬਾਰੇ ਵੀ ਜਾਣਕਾਰੀ ਮਿਲੇਗੀ।

ਹੋਰ ਮਦਦ ਦੀ ਲੋੜ ਹੈ? ਅਸੀਂ ਤੁਹਾਨੂੰ ਸਹਿਯੋਗ ਦੇਣ ਲਈ ਇੱਥੇ ਮੌਜੂਦ ਹਾਂ:

 • ਤੁਸੀਂ ਕਿਤਾਬਚਿਆਂ ਅਤੇ ਤੱਥ ਪੱਤਰਾਂ ਸਮੇਤ ਸਿਹਤ ਸਬੰਧੀ ਜਾਣਕਾਰੀ ਦੇ ਸਰੋਤਾਂ ਨੂੰ ਆਰਡਰ ਕਰ ਸਕਦੇ ਹੋ ਜਾਂ ਡਾਊਨਲੋਡ ਕਰ ਸਕਦੇ ਹੋ
 • ਤੁਸੀਂ ਸਾਡੀਆਂ ਐਡਵਾਈਸ ਲਾਈਨ ਨਰਸਾਂ ਵਿੱਚੋਂ ਇੱਕ ਨਾਲ, ਗੁਪਤ ਰੂਪ ਵਿੱਚ, ਗੱਲ ਕਰ ਸਕਦੇ ਹੋ

0808 8010 899 ‘ਤੇ ਕਾਲ ਕਰੋ (ਲੈਂਡਲਾਈਨ ਅਤੇ ਮੋਬਾਈਲ ਤੋਂ ਮੁਫ਼ਤ)

ਈਮੇਲ: adviceline@chss.org.uk

ਕੋਵਿਡ-19 ਕੀ ਹੁੰਦਾ ਹੈ?

ਕੋਵਿਡ-19 ਇੱਕ ਵਾਇਰਲ ਇਨਫ਼ੈਕਸ਼ਨ ਹੈ ਜੋ ਸਰੀਰ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਸਾਹ ਪ੍ਰਣਾਲੀ ‘ਤੇ ਖਾਸ ਤੌਰ ‘ਤੇ ਇਸ ਦਾ ਜ਼ੋਰਦਾਰ ਪ੍ਰਭਾਵ ਪੈਂਦਾ ਹੈ।

ਇਹ ਮੁੱਖ ਤੌਰ ‘ਤੇ ਖੰਘ, ਬੁਖਾਰ, ਅਤੇ ਸਾਹ ਸਬੰਧੀ ਮੁਸ਼ਕਲਾਂ ਤੋਂ ਇਲਾਵਾ “ਅਨੋਜ਼ਮੀਆ” ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਕਿਸੇ ਵਿਅਕਤੀ ਦੀ ਸੁੰਘਣ ਜਾਂ ਸੁਆਦ ਸ਼ਕਤੀ ਖਤਮ ਹੋ ਜਾਂਦੀ ਹੈ ਜਾਂ ਬਦਲ ਜਾਂਦੀ ਹੈ। ਕੋਵਿਡ-19 ਦਿਲ, ਅੰਤੜੀ ਅਤੇ ਇਮਿਊਨ ਸਿਸਟਮ ‘ਤੇ ਵੀ ਅਸਰ ਪਾਉਂਦਾ ਹੈ, ਅਤੇ ਇਸ ਦੇ ਕਾਰਨ ਪੂਰੇ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਪੈਦਾ ਹੋ ਸਕਦੇ ਹਨ।

ਕੋਵਿਡ-19 ਇਨਫ਼ੈਕਸ਼ਨ ਤੋਂ ਪੀੜਤ ਲੋਕਾਂ ਦੇ ਸਾਹ ਦੁਆਰਾ ਬਾਹਰ ਕੱਢੀਆਂ ਥੁੱਕ ਜਾਂ ਬਲਗਮ ਦੀਆਂ ਨਿੱਕੀਆਂ ਬੂੰਦਾਂ ਰਾਹੀਂ ਫੈਲਦਾ ਹੈ। ਇਹ ਬੂੰਦਾਂ ਖੰਘ, ਛਿੱਕਾਂ ਅਤੇ ਜ਼ੋਰ ਨਾਲ ਸਾਹ ਲੈਂਦੇ ਹੋਏ ਹੋਰ ਵੀ ਦੂਰ ਤਕ ਫੈਲਦੀਆਂ ਹਨ।

ਜਿਹਨਾਂ ਲੋਕਾਂ ਵਿੱਚ ਕੋਵਿਡ-19 ਦੇ ਲੱਛਣ ਪੈਦਾ ਹੁੰਦੇ ਹਨ, ਉਹਨਾਂ ਵਿੱਚੋਂ ਜ਼ਿਆਦਾਤਰ 2-3 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਹਾਲਾਂਕਿ, ਅੰਦਾਜ਼ਨ 20% ਲੋਕਾਂ ਵਿੱਚ 5 ਹਫ਼ਤਿਆਂ ਤੋਂ ਬਾਅਦ ਵੀ ਲੱਛਣ ਮੌਜੂਦ ਰਹਿੰਦੇ ਹਨ, ਅਤੇ ਤਕਰੀਬਨ 10% ਲੋਕਾਂ ਵਿੱਚ 12 ਹਫ਼ਤਿਆਂ ਤੋਂ ਬਾਅਦ ਵੀ ਲੱਛਣ ਹੁੰਦੇ ਹਨ। ਇਸਨੂੰ “ਲੰਬਾ ਕੋਵਿਡ” ਕਿਹਾ ਜਾਂਦਾ ਹੈ।

ਪਾਬੰਦੀਆਂ, ਸ਼ੀਲਡਿੰਗ ਅਤੇ ਆਪਣੇ ਆਪ ਨੂੰ ਆਈਸੇਲੋਟ ਕਰਨਾ

ਅੱਜਕੱਲ੍ਹ ਸਕਾਟਲੈਂਡ ਵਿੱਚ ਕੋਵਿਡ-19 ਨਾਲ ਸਬੰਧਤ ਕੋਈ ਪਾਬੰਦੀਆਂ ਨਹੀਂ ਹਨ, ਅਤੇ “ਸ਼ੀਲਡਿੰਗ” ਪ੍ਰੋਗਰਾਮ ਜੋ ਮਹਾਂਮਾਰੀ ਦੇ ਚਲਦਿਆਂ ਅਮਲ ਵਿੱਚ ਸੀ, ਹੁਣ ਵਾਪਸ ਲਿਆ ਜਾ ਚੁੱਕਾ ਹੈ।

ਹਾਲਾਂਕਿ, ਅਜੇ ਵੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਤੁਹਾਨੂੰ ਕੋਵਿਡ-19 ਦੇ ਲੱਛਣ ਹਨ ਜਾਂ ਤੁਹਾਡੇ ਘਰ ਵਿੱਚ ਕਿਸੇ ਦਾ ਕੋਵਿਡ-19 ਟੈਸਟ ਪੌਜ਼ਿਟਿਵ ਨਿਕਲਿਆ ਹੈ, ਤਾਂ ਤੁਹਾਨੂੰ ਘੱਟੋ-ਘੱਟ 7 ਦਿਨਾਂ ਲਈ ਜਾਂ ਤੁਹਾਡੇ ਲੱਛਣਾਂ ਦੇ ਠੀਕ ਹੋਣ ਜਾਣ ਤਕ, ਜੋ ਵੀ ਜ਼ਿਆਦਾ ਲੰਬਾ ਹੋਵੇ, ਆਪਣੇ ਆਪ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ।

ਮਤਲਬ ਇਹ ਹੈ ਕਿ ਤੁਹਾਨੂੰ ਜਦੋਂ ਵੀ ਸੰਭਵ ਹੋਵੇ ਘਰੇ ਰਹਿਣਾ ਚਾਹੀਦਾ ਹੈ, ਬਾਹਰ ਜਾਣ ਵੇਲੇ ਮਾਸਕ ਪਹਿਨਣਾ ਚਾਹੀਦਾ ਹੈ, ਅਤੇ ਹਰ ਬੇਲੋੜੀ ਯਾਤਰਾ ਤੋਂ ਬਚਣਾ ਚਾਹੀਦਾ ਹੈ।

ਖੁਦ ਨੂੰ ਆਈਸੋਲੇਟ ਕਰਨ ਨਾਲ ਨਜਿੱਠਣਾ

ਖੁਦ ਨੂੰ ਆਈਸੋਲੇਟ ਕਰਨਾ ਮੁਸ਼ਕਲ ਹੁੰਦਾ ਹੈ, ਖਾਸ ਕਰਕੇ ਜੇ ਤੁਸੀਂ ਇਕੱਲੇ ਰਹਿੰਦੇ ਹੋ। ਫ਼ੋਨ ਕਾਲਾਂ, ਈਮੇਲਾਂ, ਮੈਸੇਜਿੰਗ ਅਤੇ ਵੀਡੀਓ ਕਾਲਾਂ ਰਾਹੀਂ ਜਿੰਨਾ ਸੰਭਵ ਹੋ ਸਕੇ, ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਨਾ ਵਾਕਈ ਬਹੁਤ ਜ਼ਰੂਰੀ ਹੁੰਦਾ ਹੈ। ਜਿੰਨਾ ਹੋ ਸਕੇ, ਘਰ ਵਿੱਚ ਚੁਸਤ-ਫੁਰਤ ਰਹੋ।

ਐੱਵਰੀ ਮਾਈਂਡ ਮੈਟਰਜ਼ (Every Mind Matters) ਤੁਹਾਡੇ ਘਰ ਵਿੱਚ ਰਹਿੰਦਿਆਂ ਤੁਹਾਡੀ ਮਾਨਸਿਕ ਸਿਹਤ ਵਿੱਚ ਮਦਦ ਲਈ ਸਲਾਹ ਅਤੇ ਸੁਝਾਅ ਪੇਸ਼ ਕਰਦਾ ਹੈ। ਯਾਦ ਰੱਖੋ ਕਿ ਖੁਦ ਨੂੰ ਆਈਸੋਲੇਟ ਕਰਨਾ ਥੋੜ੍ਹੇ ਸਮੇਂ ਦੀ ਲੋੜ ਹੁੰਦੀ ਹੈ ਅਤੇ ਇਹ ਹਮੇਸ਼ਾ ਨਹੀਂ ਰਹੇਗਾ।

ਗੁਪਤ ਸਹਿਯੋਗ, ਸਲਾਹ ਅਤੇ ਜਾਣਕਾਰੀ ਮੁਹੱਈਆ ਕਰਾਉਣ ਲਈ ਚੈਸਟ ਹਾਰਟ ਐਂਡ ਸਟ੍ਰੋਕ ਸਕਾਟਲੈਂਡ ਦੀਆਂ ਐਡਵਾਈਸ ਲਾਈਨ ਨਰਸਾਂ ਵੀ ਉਪਲਬਧ ਹਨ। ਉਹਨਾਂ ਨੂੰ 0808 801 0899, ਈਮੇਲ ਤੇ ਮੁਫਤ ਕਾਲ ਕਰੋ, ਜਾਂ adviceline@chss.org.uk ਜਾਂ 66777 ‘ਤੇ NURSE ਟੈਕਸਟ ਭੇਜੋ।

ਟੈਸਟਿੰਗ

ਇਹ ਦੇਖਣ ਲਈ ਤਿੰਨ ਤਰ੍ਹਾਂ ਦੇ ਟੈਸਟ ਹੁੰਦੇ ਹਨ ਕਿ ਕੀ ਤੁਹਾਨੂ ਕੋਵਿਡ-19 ਹੈ, ਜਾਂ ਪਹਿਲਾਂ ਹੋ ਚੁੱਕਿਆ ਹੈ।

 • PCR ਟੈਸਟਿੰਗ। ਇਹ ਕੋਵਿਡ-19 ਲਈ ਸਭ ਤੋਂ ਭਰੋਸੇਮੰਦ ਟੈਸਟ ਹੈ। ਇਹ ਕਲੀਨਿਕ ਵਿੱਚ ਜਾਂ ਘਰ ਵਿੱਚ ਕੀਤਾ ਜਾ ਸਕਦਾ ਹੈ, ਅਤੇ ਨਤੀਜੇ ਤਿਆਰ ਹੋਣ ਵਿੱਚ ਘੱਟੋ-ਘੱਟ 48 ਘੰਟੇ ਲੱਗਦੇ ਹਨ। ਇਹ ਵਾਇਰਸ ਦੀ ਜੈਨੇਟਿਕ ਸਮੱਗਰੀ ਦਾ ਪਤਾ ਲਗਾਉਂਦਾ ਹੈ, ਅਤੇ ਜੇ ਤੁਹਾਨੂੰ ਕੋਵਿਡ ਦੇ ਲੱਛਣ ਹਨ ਤਾਂ ਇਸਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਹ ਟੈਸਟ ਲੱਛਣ ਵਿਕਸਤ ਹੋਣ ਦੇ 8 ਦਿਨਾਂ ਦੇ ਅੰਦਰ ਪੂਰਾ ਕਰਨਾ ਹੁੰਦਾ ਹੈ, ਕਿਉਂਕਿ ਇਸ ਸਮੇਂ ਤੋਂ ਬਾਅਦ ਹੋ ਸਕਦਾ ਹੈ ਕਿ ਵਾਇਰਸ ਦਾ ਪੱਧਰ ਇੰਨਾ ਘੱਟ ਜਾਵੇ ਕਿ ਇਸ ਦਾ ਪਤਾ ਨਾ ਲੱਗ ਸਕੇ।
 • LFD ਟੈਸਟਿੰਗ। ਇਹ ਟੈਸਟ PCR ਟੈਸਟਾਂ ਦੇ ਮੁਕਾਬਲੇ ਤਿਆਰ ਕਰਨ ਵਿੱਚ ਅਸਾਨ ਅਤੇ ਵਿਕਸਤ ਕਰਨ ਵਿੱਚ ਤੇਜ਼ ਹੁੰਦੇ ਹਨ। ਇਹ ਵਾਇਰਸ ਨਾਲ ਜੁੜੇ ਪ੍ਰੋਟੀਨਾਂ ਦਾ ਪਤਾ ਲਗਾਉਂਦੇ ਹਨ। ਜੇ ਤੁਹਾਡਾ ਇਹਨਾਂ ਵਿੱਚੋਂ ਕੋਈ ਇੱਕ ਟੈਸਟ ਪੌਜ਼ਿਟਿਵ ਆਉਂਦਾ ਹੈ, ਤਾਂ ਤੁਹਾਨੂੰ ਆਪਣੇ ਆਪ ਨੂੰ ਤੁਰੰਤ ਆਈਸੋਲੇਟ ਕਰ ਲੈਣਾ ਚਾਹੀਦਾ ਹੈ ਅਤੇ PCR ਟੈਸਟ ਬੁੱਕ ਕਰਨਾ ਚਾਹੀਦਾ ਹੈ।
 • ਐਂਟੀਬਾਡੀ ਟੈਸਟਿੰਗ ਸਕਾਟਲੈਂਡ ਵਿੱਚ ਇਹ ਟੈਸਟ ਡਾਇਗਨੋਸਿਸ (ਰੋਗ ਦੀ ਪਛਾਣ) ਦੀ ਬਜਾਏ, ਜ਼ਿਆਦਾਤਰ ਖੋਜ ਅਤੇ ਅਧਿਐਨ ਲਈ ਵਰਤੇ ਜਾਂਦੇ ਹਨ। ਇਹ ਇਮਿਊਨ ਪ੍ਰਤਿਕਿਰਿਆ ਦੇ ਸਬੂਤਾਂ ਦੀ ਜਾਂਚ ਕਰਦੇ ਹਨ, ਅਤੇ ਇਸ ਕਰਕੇ ਤੁਰੰਤ ਕੋਈ ਇਨਫ਼ੈਕਸ਼ਨ ਨਹੀਂ ਦਿਖਾਉਣਗੇ, ਪਰ ਇਨਫ਼ੈਕਸ਼ਨ ਖਤਮ ਹੋ ਜਾਣ ਦੇ ਬਾਅਦ ਵੀ ਪੌਜ਼ਿਟਿਵ ਨਤੀਜਾ ਦਿਖਾਉਂਦੇ ਰਹਿਣਗੇ। ਪੌਜ਼ਿਟਿਵ ਐਂਟੀਬਾਡੀ ਟੈਸਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸੁਰੱਖਿਅਤ (ਇਮਿਊਨ) ਹੋ, ਪਰ ਇਹ ਸੁਝਾਅ ਜ਼ਰੂਰ ਦਿੰਦਾ ਹੈ ਕਿ ਤੁਹਾਨੂੰ ਕਿਸੇ ਸਮੇਂ ਕੋਵਿਡ-19 ਹੋਇਆ ਸੀ।

ਤੁਸੀਂ ਇਹਨਾਂ ਟੈਸਟਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ, ਅਤੇ ਇਸ ਬਾਰੇ ਵੀ ਕਿ ਇਹ ਟੈਸਟ NHS Inform ‘ਤੇ ਕਿਵੇਂ ਬੁੱਕ ਕਰਨਾ ਹੈ।

ਟੀਕਾਕਰਣ

ਕੋਰੋਨਾਵਾਇਰਸ ਦੇ ਵੈਕਸੀਨ ਹੁਣ 5 ਸਾਲ ਤੋਂ ਵੱਧ ਉਮਰ ਦੇ ਹਰ ਸਕਾਟ ਵਾਸੀ ਲਈ ਉਪਲਬਧ ਹਨ।

ਕਈ ਤਰ੍ਹਾਂ ਦੇ ਟੀਕਾਕਰਣ ਉਪਲਬਧ ਹਨ, ਪਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਇੱਕੋ ਜਿਹੇ ਹੀ ਹਨ। ਕੋਰੋਨਾਵਾਇਰਸ ਵਿੱਚ “ਸਪਾਈਕ ਪ੍ਰੋਟੀਨ” ਨਾਮਕ ਬਣਤਰਾਂ ਹੁੰਦੀਆਂ ਹਨ ਜੋ ਇਸ ਦੀ ਸਤ੍ਹਾ ‘ਤੇ ਮੌਜੂਦ ਹੁੰਦੀਆਂ ਹਨ। ਵੈਕਸੀਨਾਂ ਤੁਹਾਡੇ ਸਰੀਰ ਨੂੰ ਇਹ ਸਪਾਈਕ ਪ੍ਰੋਟੀਨ (ਵਾਇਰਸ ਤੋਂ ਬਗੈਰ) ਤਿਆਰ ਕਰਨ ਲਈ ਹਦਾਇਤ ਦਿੰਦੀਆਂ ਹਨ, ਜਿਸ ਨਾਲ ਤੁਹਾਡੇ ਇਮਿਊਨ ਸਿਸਟਮ ਨੂੰ ਕੋਰੋਨਾਵਾਇਰਸ ਨੂੰ ਪਛਾਣਨ ਅਤੇ ਇਸ ‘ਤੇ ਹਮਲਾ ਕਰਨਾ ਸਿਖਾਉਣ ਲਈ ਇੱਕ ਇਮਿਊਨ ਪ੍ਰਤੀਕਿਰਿਆ ਚਾਲੂ ਹੋ ਜਾਂਦੀ ਹੈ।

ਵੈਕਸੀਨ ਵਿੱਚ ਵਾਇਰਸ ਨਹੀਂ ਹੁੰਦਾ ਹੈ, ਅਤੇ ਟੀਕਾ ਲਗਾਉਣ ਨਾਲ ਤੁਹਾਨੂੰ ਕੋਵਿਡ-19 ਨਹੀਂ ਹੋਵੇਗਾ। ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਟੀਕਾਕਰਣ ਦੇ ਲੰਬੇ ਸਮੇਂ ਦੇ ਉਹੀ ਨੁਕਸਾਨਦੇਹ ਪ੍ਰਭਾਵ ਹੁੰਦੇ ਹਨ ਜੋ ਖੁਦ ਕੋਵਿਡ-19 ਨਾਲ ਹੁੰਦੇ ਹਨ।

ਕੁਝ ਲੋਕਾਂ ਨੂੰ ਟੀਕਾਕਰਣ ਤੋਂ ਬਾਅਦ ਮਾੜੇ ਪ੍ਰਭਾਵ ਹੁੰਦੇ ਹਨ। ਇਹਨਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

 • ਚਮੜੀ ਨੂੰ ਛੂਹਣ ‘ਤੇ ਦਰਦ, ਸੋਜਸ਼ ਅਤੇ/ਜਾਂ ਟੀਕੇ ਵਾਲੀ ਥਾਂ ‘ਤੇ ਲਾਲੀ
 • ਸਿਰ ਦਰਦ ਜਾਂ ਮਾਸਪੇਸ਼ੀਆਂ ਦਾ ਦਰਦ
 • ਜੋੜਾਂ ਦਾ ਦਰਦ
 • ਕਾਂਬਾ
 • ਕਚਿਆਣ ਜਾਂ ਉਲਟੀਆਂ
 • ਥਕਾਵਟ ਮਹਿਸੂਸ ਕਰਨਾ
 • ਬੁਖਾਰ (37.8°C ਤੋਂ ਵੱਧ ਤਾਪਮਾਨ)

ਇਹ ਲੱਛਣ ਆਮ ਤੌਰ ‘ਤੇ ਕੁਝ ਦਿਨਾਂ ਦੇ ਅੰਦਰ ਠੀਕ ਹੋ ਜਾਂਦੇ ਹਨ।

ਜਿਹਨਾਂ ਲੋਕਾਂ ਨੂੰ ਪਹਿਲਾਂ ਗੰਭੀਰ ਅਲਰਜੀ ਵਾਲੀਆਂ ਪ੍ਰਤਿਕਿਰਿਆਵਾਂ ਹੋ ਚੁੱਕੀਆਂ ਹਨ ਉਹਨਾਂ ਵਿੱਚ ਵਾਇਰਸ ਪ੍ਰਤੀ ਬੁਰੀ ਤਰ੍ਹਾਂ ਪ੍ਰਤਿਕਿਰਿਆ ਹੋ ਸਕਦੀ ਹੈ। ਇਹ ਬਹੁਤਾ ਆਮ ਨਹੀਂ ਹੈ (ਲਗਭਗ 4,000 ਲੋਕਾਂ ਵਿੱਚੋਂ 1) ਅਤੇ ਟੀਕਾਕਰਣ ਕਰਵਾਉਣ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਿਹਤ ਪੇਸ਼ੇਵਰ ਨਾਲ ਆਪਣੇ ਅਲਰਜੀ ਸਬੰਧੀ ਪਿਛੋਕੜ ਬਾਰੇ ਚਰਚਾ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ।

ਟੀਕਾਕਰਣ ਕਰਾਉਣ ਨਾਲ ਤੁਹਾਨੂੰ ਗੰਭੀਰ ਕੋਵਿਡ ਦੇ ਲੱਛਣਾਂ ਤੋਂ ਸੁਰੱਖਿਆ ਮਿਲਦੀ ਦਿਖਾਈ ਗਈ ਹੈ। ਬਹੁਤੇ ਲੋਕ ਜਿਹਨਾਂ ਨੂੰ ਗੰਭੀਰ ਕੋਵਿਡ ਦੇ ਲੱਛਣਾਂ ਕਰਕੇ ਹਸਪਤਾਲ ਵਿੱਚ ਦਾਖਲ ਕਰਾਏ ਜਾਣ ਦੀ ਲੋੜ ਹੁੰਦੀ ਹੈ, ਉਹਨਾਂ ਦਾ ਟੀਕਾਕਰਣ ਨਹੀਂ ਹੋਇਆ ਹੁੰਦਾ – ਇਸ ਲਈ ਜੇ ਤੁਸੀਂ ਵੈਕਸੀਨ ਲਗਵਾ ਸਕਦੇ ਹੋ, ਤਾਂ ਤੁਹਾਨੂੰ ਬਿਲਕੁਲ ਲਗਵਾਉਣਾ ਚਾਹੀਦਾ ਹੈ!

COVID-19 ਟੀਕਾਕਰਣ ਬਾਰੇ ਜਾਣਕਾਰੀ NHS Lothian ਤੋਂ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

This page was last updated on November 29, 2023 and is under regular review. If you feel anything is missing or incorrect, please contact health.information@chss.org.uk to provide feedback.

Share this page
 • Was this helpful ?
 • YesNo